ਬਠਿੰਡਾ: ਸਬ ਡਿਵੀਜ਼ਨ ਮੌੜ ਮੰਡੀ ਵਿਖੇ ਤਾਇਨਾਤ ਡੀਐਸਪੀ ਬਲਜੀਤ ਸਿੰਘ ਨੂੰ ਬੀਤੇ ਦਿਨੀਂ ਵਿਜੀਲੈਂਸ ਦੀ ਚੰਡੀਗੜ੍ਹ ਅਤੇ ਬਠਿੰਡਾ ਟੀਮ ਵੱਲੋਂ 30,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਅੱਜ ਡੀਐਸਪੀ ਬਲਜੀਤ ਸਿੰਘ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ. ਜਿਥੇ ਅਦਾਲਤ ਵੱਲੋਂ ਡੀਐਸਪੀ ਬਲਜੀਤ ਸਿੰਘ ਨੂੰ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ ਪਰ ਉਥੇ ਹੀ ਸਰਕਾਰ ਵਲੋਂ ਪ੍ਰਸ਼ਾਸਨਿਕ ਅਫ਼ਸਰਾਂ ਦੀਆਂ ਕੀਤੀ ਗਈਆਂ ਬਦਲੀਆਂ ਵੀ ਚਰਚਾ ਦਾ ਵਿਸ਼ਾ ਬਣ ਰਹੀ ਹੈ ਕਿਉਂਕਿ ਰਿਸ਼ਵਤ ਦੇ ਮਾਮਲੇ 'ਚ ਰਿਮਾਂਡ ਕੱਟ ਰਹੇ ਡੀਐਸਪੀ ਦਾ ਸਰਕਾਰ ਨੇ ਸੰਗਰੂਰ 'ਚ ਤਬਾਦਲਾ ਕਰ ਦਿੱਤਾ, ਜਿਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ।
ਅਦਾਲਤ ਨੇ ਦਿੱਤਾ ਦੋ ਦਿਨਾਂ ਰਿਮਾਂਡ: ਉਧਰ ਰਿਸ਼ਵਤ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਡੀਐਸਪੀ ਬਲਜੀਤ ਸਿੰਘ ਵਲੋਂ ਪੁੱਛਗਿੱਛ ਦੌਰਾਨ ਸਹਿਯੋਗ ਨਾ ਦਿੱਤੇ ਜਾਣ ਕਾਰਨ ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹਨਾਂ ਦੋ ਦਿਨਾਂ ਵਿੱਚ ਡੀਐਸਪੀ ਬਲਜੀਤ ਸਿੰਘ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਜਾਣਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕੇ ਡੀਐਸਪੀ ਬਲਜੀਤ ਸਿੰਘ ਵੱਲੋਂ ਭ੍ਰਿਸ਼ਟਾਚਾਰ ਕਰਦੇ ਹੋਏ ਕਿੰਨੀ ਕਿ ਜਾਇਦਾਦ ਬਣਾਈ ਗਈ ਹੈ।
ਰਿਮਾਂਡ 'ਤੇ ਚੱਲਦੇ ਡੀਐਸਪੀ ਦਾ ਤਬਾਦਲਾ: ਉਥੇ ਹੀ ਰਿਸ਼ਵਤ ਮਾਮਲੇ 'ਚ ਦੋ ਦਿਨਾਂ ਵਿਜੀਲੈਂਸ ਰਿਮਾਂਡ 'ਤੇ ਚੱਲ ਰਹੇ ਡੀਐਸਪੀ ਬਲਜੀਤ ਸਿੰਘ ਦਾ ਸਰਕਾਰ ਵਲੋਂ ਤਬਾਦਲਾ ਵੀ ਕਰ ਦਿੱਤਾ ਗਿਆ। ਜਿਸ 'ਚ ਡੀਐਸਪੀ ਨੂੰ ਮੌੜ ਤੋਂ ਬਦਲ ਕੇ ਡੀ.ਐਸ.ਪੀ ਦੋ ਆਈ.ਆਰ.ਬੀ ਲੱਡਾ ਕੋਠੀ ਸੰਗਰੂਰ ਲਗਾ ਦਿੱਤਾ ਗਿਆ ਹੈ। ਜਿਸ ਦੇ ਚੱਲਦੇ ਪੁਲਿਸ ਵਿਭਾਗ ਵਲੋਂ ਕੀਤੀ ਗਈ ਇਹ ਬਦਲੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ 'ਚ ਵਿਭਾਗ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਡੀ.ਐਸ.ਪੀ ਨੂੰ ਲੱਡਾ ਕੋਠੀ, ਸੰਗਰੂਰ ਲਾਇਆ ਗਿਆ ਹੈ। ਜੋ ਸਵਾਲ ਖੜੇ ਕਰਦਾ ਹੈ ਕਿ ਕੀ ਰਿਮਾਂਡ 'ਤੇ ਚੱਲ ਰਹੇ ਡੀਐਸਪੀ 'ਤੇ ਕੀ ਕਾਰਵਾਈ ਹੋਵੇਗੀ ਜਾਂ ਨਹੀਂ।
ਬੀਤੇ ਦਿਨ ਕੀਤਾ ਸੀ ਡੀਐਸਪੀ ਕਾਬੂ: ਦੱਸ ਦਈਏ ਕਿ ਸ਼ੁੱਕਰਵਾਰ ਨੂੰ ਸਬ ਡਵੀਜ਼ਨ ਮੌੜ ਦੇ ਡੀ.ਐਸ.ਪੀ ਬਲਜੀਤ ਸਿੰਘ ਬਰਾੜ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆ ਵਿਜੀਲੈਂਸ ਦੀ ਟੀਮ ਨੇ ਰੰਗੇ ਹੱਥੀ ਕਾਬੂ ਕੀਤਾ ਸੀ। ਇਹ ਕਾਰਵਾਈ ਵਿਜੀਲੈਂਸ ਵੱਲੋ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਦੇ ਰਵਿੰਦਰ ਸਿੰਘ ਵੱਲੋ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਸੀ, ਜ਼ੋ ਕਿ ਮੋਬਾਇਲ ਰਿਪੇਅਰ ਦਾ ਕੰਮ ਕਰਦਾ ਹੈ। ਜਿਸ 'ਚ ਉਸ ਨੇ ਇਲਜ਼ਾਮ ਲਾਏ ਸੀ ਕਿ ਉਸਦੇ ਲੜਕੇ ਦੇ ਖਿਲਾਫ਼ ਥਾਣਾ ਬਾਲਿਆਵਾਲੀ ਵਿਖੇ ਲੜਾਈ ਝਗੜੇ ਦੀ ਪਰਚਾ ਦਰਜ ਕੀਤਾ ਗਿਆ ਹੈ।
- Double murder in Faridkot: ਮੋਬਾਇਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਗੋਲੀਆਂ ਮਾਰ ਕੇ ਦੋ ਸਕੇ ਭਰਾਵਾਂ ਦਾ ਕੀਤਾ ਕਤਲ
- Haryana SGMC: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਬੰਧਕੀ ਇਕੱਤਰਤਾਵਾਂ ‘ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਲਗਾਈ ਰੋਕ
- Women Equality Day: ਆਧੁਨਿਕਤਾ ਵੱਲ ਵੱਧਦਾ ਪੰਜਾਬ ਪਰ ਔਰਤਾਂ ਨੂੰ ਅੱਜ ਤੱਕ ਨਹੀਂ ਮਿਲੀ ਸਮਾਜਿਕ ਬਰਾਬਰਤਾ, ਦੇਖੋ ਖਾਸ ਰਿਪੋਰਟ
ਕੇਸ ਖਤਮ ਕਰਨ ਬਦਲੇ ਮੰਗੇ 50 ਹਜ਼ਾਰ: ਪੀੜਤ ਨੇ ਦੱਸਿਆ ਸੀ ਕਿ ਇਸ ਕੇਸ ਵਿੱਚ ਆਪਣੇ ਲੜਕੇ ਦੀ ਬੇਗੁਨਾਹੀ ਲਈ ਉਸ ਨੇ ਦਰਖਾਸਤ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੂੰ ਦਿੱਤੀ ਸੀ,ਜਿਸਦੀ ਪੜਤਾਲ ਡੀ.ਐਸ.ਪੀ ਸਬ ਡਵੀਜ਼ਨ ਮੌੜ ਨੂੰ ਮਾਰਕ ਹੋਈ ਸੀ। ਮੁਦੱਈ ਨੇ ਇਹ ਵੀ ਦੱਸਿਆ ਕਿ ਉਸ ਵੱਲੋ ਆਪਣੇ ਲੜਕੇ ਦੀ ਬੇਗੁਨਾਹੀ ਸਬੰਧੀ ਇੱਕ ਵੀਡੀਓ ਵੀ ਬਲਜੀਤ ਸਿੰਘ ਬਰਾੜ ਡੀ.ਐਸ.ਪੀ. ਸਬ ਡਵੀਜ਼ਨ ਮੌੜ ਨੂੰ ਵਾਰ-ਵਾਰ ਪੇਸ਼ ਕੀਤੀ ਗਈ ਪਰ ਫਿਰ ਵੀ ਡੀਐਸਪੀ ਵੱਲੋ ਉਸ ਦੇ ਲੜਕੇ ਦੀ ਬੇਗੁਨਾਹੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਸ ਦੇ ਕੋਲੋਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਜਿਸ 'ਚ ਉਸ ਨੇ 30 ਹਜ਼ਾਰ ਰੁਪਏ ਪਹਿਲੀ ਕਿਸ਼ਤ ਵਜੋਂ ਡੀਐਸਪੀ ਨੂੰ ਦਿੱਤੇ ਸੀ ਤਾਂ ਵਿਜੀਲੈਂਸ ਵਲੋਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ।