ਬਠਿੰਡਾ: ਬੀਤੇ ਵਰ੍ਹੇ ਪੰਜਾਬ ਵਿਚ ਦੁਧਾਰੂ ਪਸ਼ੂਆਂ ਵਿੱਚ ਤੇਜ਼ੀ ਨਾਲ ਫੈਲੀ ਲੰਪੀ ਸਕਿੱਨ ਦੀ ਬਿਮਾਰੀ ਕਾਰਨ ਵੱਡੀ ਪੱਧਰ ਉੱਤੇ ਨੁਕਸਾਨ ਹੋਇਆ ਸੀ। ਲੰਪੀ ਸਕਿੱਨ ਅਜਿਹੀ ਬਿਮਾਰੀ ਹੈ ਜੋ ਕਿ ਪਸ਼ੂਆਂ ਦੇ ਸਰੀਰ ਉਪਰ ਧੱਫੜ, ਮੂੰਹ ਅਤੇ ਥਣ ਉੱਪਰ ਵੀ ਜ਼ਖ਼ਮ ਕਰ ਦਿੰਦੀ ਹੈ। ਜਿਸ ਕਾਰਨ ਦੁਧਾਰੂ ਪਸ਼ੂਆਂ ਨੂੰ ਵੱਡੀਆਂ ਤਾਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਇਸ ਬਿਮਾਰੀ ਕਾਰਨ ਉਹ ਠੀਕ ਢੰਗ ਨਾਲ ਕੁੱਝ ਖਾ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਤੋਂ ਬਹੁਤ ਸਮਾਂ ਖੜ੍ਹਿਆ ਜਾਂਦਾ ਹੈ।
ਬਿਮਾਰੀ ਦਾ ਤੇਜ਼ੀ ਨਾਲ ਫੈਲਣ ਦਾ ਕਾਰਨ:- ਇਸ ਬਿਮਾਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਸੈਕਟਰੀ ਡਾ ਚਰਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਬਿਮਾਰੀ ਦੇ ਤੇਜ਼ੀ ਨਾਲ ਫੈਲਣ ਦਾ ਸਭ ਤੋਂ ਵੱਡਾ ਕਾਰਨ ਮੱਖੀ-ਮੱਛਰ ਹੁੰਦੇ ਹਨ। ਜੋ ਇਕ ਬਿਮਾਰ ਪਸ਼ੂ ਉਪਰ ਬੈਠ ਕੇ ਫਿਰ ਦੂਸਰੇ ਤੰਦਰੁਸਤ ਪਸ਼ੂ ਉੱਤੇ ਜਾ ਬੈਠਦੇ ਹਨ। ਜਿਸ ਕਾਰਨ ਦੂਸਰਾ ਪਸ਼ੂ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਬਿਮਾਰ ਪਸ਼ੂ ਦੇ ਸਰੀਰ ਉਪਰ ਥਾਂ-ਥਾਂ ਧੱਫੜ ਬਣ ਜਾਂਦੇ ਹਨ। ਮੂੰਹ ਦੇ ਅੰਦਰ ਪੈਰਾਂ ਅਤੇ ਥਣਾਂ ਉਪਰ ਜ਼ਖ਼ਮ ਹੋ ਜਾਂਦੇ ਹਨ, ਜਿਸ ਕਾਰਨ ਪਸ਼ੂ ਖਾਣ ਪੀਣ ਤੋਂ ਲਾਚਾਰ ਹੋ ਜਾਂਦਾ ਹੈ
ਲੰਪੀ ਸਕਿੱਨ ਬਿਮਾਰੀ ਤੋਂ ਬਚਾਅ ਦੇ ਤਰੀਕੇ:- ਸਹਾਇਕ ਸੈਕਟਰੀ ਡਾ ਚਰਨਪ੍ਰੀਤ ਕੌਰ ਨੇ ਕਿਹਾ ਕਿ ਇਸ ਵਾਇਰਸ ਨਾਲ ਗ੍ਰਸਤ ਪਸ਼ੂ ਨੂੰ ਤੁਰੰਤ ਤੰਦਰੁਸਤ ਸਮਾਜ ਤੋਂ ਦੂਰ ਕਰ ਦੇਣਾ ਚਾਹੀਦਾ ਹੈ ਅਤੇ ਉਸਦੇ ਆਲੇ-ਦੁਆਲੇ ਆਡੋਮਾਸ ਜਾਂ ਮੱਖੀ ਮੱਛਰ ਭਜਾਉਣ ਵਾਲੀਆਂ ਚੀਜ਼ਾਂ ਲਗਾ ਦੇਣੀਆਂ ਚਾਹੀਦੀਆਂ ਹਨ ਅਤੇ ਇਸ ਸਬੰਧੀ ਤੁਰੰਤ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰਕੇ ਬਿਮਾਰ ਪਸ਼ੂ ਦਾ ਟੀਕਾਕਰਨ ਕਰਵਾਇਆ ਜਾਣਾ ਚਾਹੀਦਾ ਹੈ।
ਮਨੁੱਖ ਉੱਪਰ ਕਿਸੇ ਤਰ੍ਹਾਂ ਦਾ ਅਸਰ ? ਸਹਾਇਕ ਸੈਕਟਰੀ ਡਾ ਚਰਨਪ੍ਰੀਤ ਕੌਰ ਨੇ ਕਿਹਾ ਕਿ ਬਿਮਾਰ ਪਸ਼ੂ ਦੇ ਇਲਾਜ ਲਈ ਕਦੇ ਵੀ ਟੂਣੇ ਟੋਟਕੇ ਵਿੱਚ ਨਹੀਂ ਪੈਣਾ ਚਾਹੀਦਾ। ਇਸਦਾ ਇੱਕੋ ਇੱਕ ਇਲਾਜ ਵੈਕਸੀਨੇਸ਼ਨ ਹੈ ਜੋ ਕਿ ਪਸ਼ੂ ਪਾਲਣ ਵਿਭਾਗ ਕੋਲੇ ਹਰ ਸਮੇਂ ਉਪਲਭਧ ਰਹਿੰਦੀ ਹੈ ਅਤੇ ਬਿਮਾਰ ਪਸ਼ੂ ਦਾ ਦੁੱਧ ਪੀਣ ਨਾਲ ਮਨੁੱਖ ਉੱਪਰ ਕਿਸੇ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਹੁੰਦਾ। ਕਿਉਂਕਿ ਜ਼ਿਆਦਾਤਰ ਮਨੁੱਖ ਵੱਲੋਂ ਦੁੱਧ ਨੂੰ ਉਬਾਲ ਕੇ ਹੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ, ਦੁੱਧ ਉਬਾਲਣ ਤੋਂ ਬਾਅਦ ਉਸ ਵਿਚਲੇ ਕੀਟਾਣੂ ਮਰ ਜਾਂਦੇ ਹਨ।
ਪਸ਼ੂ ਪਾਲਣ ਵਿਭਾਗ ਨਾਲ ਸੰਪਰਕ:- ਸਹਾਇਕ ਸੈਕਟਰੀ ਡਾ ਚਰਨਪ੍ਰੀਤ ਕੌਰ ਨੇ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਉਪਰ ਅਡਵਾਂਸ ਹੀ ਪਸ਼ੂਆਂ ਵਿੱਚ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਇਸ ਜੋ ਪਸ਼ੂਆਂ ਨੂੰ ਇਸ ਵਾਇਰਸ ਤੋਂ ਬਚਾਇਆ ਜਾ ਸਕੇ। ਪੰਜਾਬ ਸਰਕਾਰ ਵੱਲੋਂ 2 ਲੱਖ ਦੇ ਕਰੀਬ ਵੈਕਸੀਨੇਸ਼ਨ ਪਸ਼ੂ ਪਾਲਣ ਵਿਭਾਗ ਬਠਿੰਡਾ ਨੂੰ ਭੇਜੀ ਗਈ ਹੈ। ਜਿਸ ਵਿੱਚੋਂ ਕਰੀਬ 1 ਲੱਖ ਵੈਕਸੀਨੇਸ਼ਨ ਪਸ਼ੂਆਂ ਦੇ ਕੀਤੀ ਜਾ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਦੇ ਬਿਮਾਰ ਹੋਣ ਉੱਤੇ ਤੁਰੰਤ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰਨ ਤਾਂ ਜੋ ਸਮੇਂ ਸਿਰ ਪਸ਼ੂਆਂ ਦਾ ਇਲਾਜ ਹੋ ਸਕੇ।