ਮਾਨਸਾ : ਮਸੀਹ ਭਾਈਚਾਰੇ ਵੱਲੋਂ ਪਿੰਡ ਕੁਲਾਣਾ ਦੀ ਬਜ਼ੁਰਗ ਔਰਤ ਦੀ ਲਾਸ਼ ਨੂੰ ਬੁਢਲਾਡਾ ਦੇ ਨੈਸ਼ਨਲ ਹਾਈਵੇ 148 B ਉਤੇ ਰੱਖ ਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਨਾਕਾਰੀਆਂ ਨੇ ਇਲਜ਼ਾਮ ਲਾਇਆ ਕਿ ਮਸੀਹ ਭਾਈਚਾਰੇ ਨੂੰ ਕਬਰਿਸਤਾਨ ਵਿਚ ਮ੍ਰਿਤਕ ਦੇਹ ਲੈ ਕੇ ਜਾਣ ਦੇ ਲਈ ਕੋਈ ਵੀ ਰਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਉਦੋਂ ਤਕ ਮ੍ਰਿਤਕ ਦੇਹ ਨੂੰ ਸੜਕ ਉਤੇ ਰੱਖ ਕੇ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਵਿਚ ਕਬਰਸਤਾਨ ਤਕ ਕੋਈ ਵੀ ਸੜਕ ਜਾਂ ਰਸਤਾ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੇਕਰ ਕੋਈ ਵੀ ਢੁਕਵਾਂ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਨੂੰ ਜਲਦ ਹੀ ਕੋਈ ਨਾ ਕੋਈ ਹੱਲ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਦਰਦਨਾਕ ਹਾਦਸੇ ਨੇ ਵਿਛਾਇਆ ਚਾਰ ਘਰਾਂ 'ਚ ਸੱਥਰ, ਚਾਰ ਨੌਜਵਾਨਾਂ ਦੀ ਲਈ ਜਾਨ
ਮ੍ਰਿਤਕ ਦੇ ਬੇਟੇ ਸ਼ਿੰਗਾਰਾ ਸਿੰਘ ਭੱਟੀ ਨੇ ਕਿਹਾ ਕਿ ਉਹ ਤੇ ਪਿੰਡ ਵਾਸੀ ਕਬਰਿਸਤਾਨ ਦੇ ਲਈ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਰਸਤੇ ਦੀ ਮੰਗ ਕਰ ਰਹੇ ਹਨ ਪਰ ਹੁਣ ਤੱਕ ਪ੍ਰਸ਼ਾਸਨ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਕਬਰਿਸਤਾਨ ਨੂੰ ਰਸਤਾ ਨਾ ਹੋਣ ਦੀ ਵਜ੍ਹਾ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਆਪਣੀ ਮਾਤਾ ਦੀ ਲਾਸ਼ ਨੂੰ ਸੜਕ ਉਤੇ ਰੱਖ ਕੇ ਰੋਸ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਾ ਪਿਆ।
ਮਸੀਹ ਭਾਈਚਾਰੇ ਦੇ ਆਗੂ ਨੇ ਕਿਹਾ ਕਿ ਉਹ ਸਰਕਾਰ ਅਤੇ ਦਫਤਰਾਂ ਦੇ ਵਿਚ ਪਿਛਲੇ ਲੰਮੇ ਸਮੇਂ ਤੋਂ ਬਾਹਰਵਾਰ ਚੱਕਰ ਲਗਾ ਰਹੇ ਹਨ ਪਰ ਕਬਰਿਸਤਾਨ ਨੂੰ ਜਾਣ ਵਾਲਾ ਰਸਤਾ ਹੁਣ ਤੱਕ ਨਹੀਂ ਮਿਲਿਆ ਜਿਸ ਦੀ ਵਜ੍ਹਾ ਕਾਰਨ ਬਜ਼ੁਰਗ ਔਰਤ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਪਰੇਸ਼ਾਨ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਲੈ ਕੇ ਕਈ ਸਰਕਾਰੀ ਨੁਮਾਇੰਦਿਆਂ ਤਕ ਪਹੁੰਚ ਕੀਤੀ ਗਈ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਜਾਰੀ ਰੱਖਾਗੇ।