ਬਠਿੰਡਾ: ਕੇਂਦਰ ਸਰਕਾਰ ਵੱਲੋਂ 26 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ (Veer baal divas) ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਵੱਲੋਂ ਐਲਾਨ ਕੀਤੇ ਜਾਣ ਤੋਂ ਬਾਅਦ ਸਿੱਖ ਜਗਤ ਵੱਲੋਂ ਬਾਲ ਵੀਰ ਦਿਵਸ ਨਾਮ ਰੱਖਣ ਉੱਤੇ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ।
ਸੀਨੀਅਰ ਐਡਵੋਕੇਟ ਹਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਦੀ ਸ਼ਰਧਾ ਵੇਖੀ ਜਾਵੇ ਤਾਂ ਉਹ ਗੱਲ ਵੱਖ ਹੈ ਪਰ ਸਿੱਖ ਜਗਤ ਵਿੱਚ ਸਾਹਿਬਜ਼ਾਦਿਆਂ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸ਼ਹਾਦਤ ਸਿੱਖ ਧਰਮ ਵਿਚ ਸਭ ਤੋਂ ਵੱਡੀ ਸ਼ਹਾਦਤ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਮਾਤਰ ਦੋ ਸ਼ਬਦਾਂ ਵੀਰ ਬਾਲ ਦਿਵਸ ਵਿੱਚ ਸਮੋ ਕੇ ਪੇਸ਼ ਕਰਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਡਬਲ ਗੇਮ ਖੇਡ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਸਿੱਖ ਕੌਮ ਦੇ ਹੱਕ ਦੀ ਗੱਲ ਕੀਤੀ ਜਾਂਦੀ ਹੈ ਅਤੇ ਦੂਸਰੇ ਪਾਸੇ ਜਿਸ ਕੌਮ ਨੂੰ ਹਰ ਸਮੇਂ 1984 ਯਾਦ ਕਰਵਾਉਣ ਦੀਆਂ ਗੱਲਾਂ ਕਹੀਆਂ ਜਾਂਦੀਆਂ ਹਨ।
ਦਲ ਖਾਲਸਾ ਤੇ ਬਾਬਾ ਹਰਦੀਪ ਸਿੰਘ ਖਾਲਸਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਸਾਹਿਬਜ਼ਾਦਿਆਂ ਨੂੰ ਸਮਰਪਿਤ ਬਾਲ ਵੀਰ ਦਿਵਸ ਮਨਾਉਣ ਦੀ ਗੱਲ ਕਹੀ ਜਾ ਰਹੀ ਹੈ ਉਸ ਵਿੱਚ ਉਹਨਾਂ ਦਾ ਧੁਰਾ ਕਰਤਾਰ ਨਜ਼ਰ ਆ ਰਿਹਾ ਹੈ ਕਿਉਂਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮਹਿਜ ਦੋ ਅੱਖਰਾਂ ਵਿਚ ਸੀਮਤ ਨਾ ਕਰਕੇ ਪੇਸ਼ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨਾਲ ਅਜਿਹੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਜੋ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਦਿਆਂ ਬੀਰ ਬਲ ਦਿਵਸ ’ਤੇ ਉਸ ਦਾ ਨਾਮ ਦਿੱਤਾ ਗਿਆ ਹੈ ਉਹ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਦੀ ਕਵਾਇਦ ਲੱਗ ਰਹੀ ਹੈ ਜਿਸ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਕਿਉਂਕਿ ਇਤਿਹਾਸ ਸਿੱਖ ਕੌਮ ਨੇ ਸਿਰਜਿਆ ਹੈ ਉਸ ਨੂੰ ਕੋਈ ਤੋੜ ਮਰੋੜ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵਡੱਪਣ ਨਾਲ ਸਰਕਾਰ ਕਰਦੀ ਹੈ ਤਾਂ ਉਸ ਦਿਨ ’ਤੇ ਸ਼ਹਾਦਤ ਦੇ ਸ਼ਬਦ ਹੀ ਰੱਖੇ ਜਾਣ ਜੋ ਅਸੀਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸੰਬੋਧਨ ਕਰਦੇ ਹਾਂ।
ਬਾਲ ਵੀਰ ਦਿਵਸ ਸਬੰਧੀ ਬੋਲਦੇ ਬਾਬਾ ਪਾਲਾ ਸਿੰਘ ਨੇ ਕਿਹਾ ਕਿ ਕੀ ਇਹ ਕੇਂਦਰ ਸਰਕਾਰ ਜਾਣ-ਬੁੱਝ ਕੇ ਸਿੱਖਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਨੇ ਉਸ ਵੇਲੇ ਮੁਗਲ ਬਾਦਸ਼ਾਹ ਨੂੰ ਬਾਕਮਾਲ ਜਵਾਬ ਦਿੱਤੇ ਸਨ ਅਤੇ ਮੁਗਲ ਬਾਦਸ਼ਾਹ ਦੀਆਂ ਸਭ ਚਾਲਾਂ ਨੂੰ ਫੇਲ੍ਹ ਕਰਕੇ ਰੱਖ ਦਿੱਤਾ ਸੀ।
ਇਹ ਵੀ ਪੜ੍ਹੋ:ਵੀਰ ਬਾਲ ਦਿਵਸ: PM ਦੇ ਫੈਸਲੇ ਦੀ ਸਿਆਸੀ ਲੀਡਰਾਂ ਵੱਲੋਂ ਸ਼ਲਾਘਾ