ਬਠਿੰਡਾ: ਜਿਥੇ ਇੱਕ ਪਾਸੇ ਪੰਜਾਬ ਦੀ ਮੌਜੂਦਾ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦਾ ਢੰਡੋਰਾ ਪਿੱਟਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਕਰਜ਼ੇ ਦੇ ਬੋਝ ਹੇਠ ਦਬ ਕੇ ਕਿਸਾਨ ਰੋਜ਼ਾਨਾ ਮਰ ਰਹੇ ਹਨ। ਤਾਜ਼ਾ ਮਾਮਲਾ ਅੱਜ ਸਬ ਡਵੀਜ਼ਨ ਮੌੜ ਮੰਡੀ ਦੇੇ ਪਿੰਡ ਜੋਧਪੁਰ ਪਾਖਰ ਦੇ 22 ਸਾਲਾ ਨੌਜਵਾਨ ਕਿਸਾਨ ਮਨਦੀਪ ਸਿੰਘ ਨੇ ਪਰਿਵਾਰ ਸਿਰ ਚੜ੍ਹੇ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਨੌਜਵਾਨ ਕਿਸਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੇ ਪਰਿਵਾਰ ਸਿਰ ਕਰੀਬ ਅੱਠ ਲੱਖ ਰੁਪਏ ਦਾ ਕਰਜ਼ਾ ਹੈ ਤੇ ਇਨ੍ਹਾਂ ਕੋਲ ਮਹਿਜ਼ ਡੇਢ ਏਕੜ ਜ਼ਮੀਨ ਹੈ ਜੋ ਕਿ ਗਹਿਣੇ ਪਈ ਹੈ। ਮ੍ਰਿਤਕ ਕਿਸਾਨ ਬਿਮਾਰ ਹੋਣ ਕਰਕੇ ਉਸ ਦਾ ਲੁਧਿਆਣਾ ਇਲਾਜ ਦੌਰਾਨ ਵੀ ਲੱਖਾਂ ਰੁਪਏ ਦਾ ਖਰਚਾ ਹੋ ਗਿਆ ਸੀ, ਨੌਜਵਾਨ ਕਿਸਾਨ ਕਰਜ਼ ਕਰਕੇ ਪ੍ਰੇਸ਼ਾਨ ਰਹਿੰਦਾ ਸੀ।
ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਦਾ ਪਿਤਾ ਭੱਠੇ 'ਤੇ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਾਉਦਾ ਹੈ। ਹੁਣ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਕਿਸਾਨ ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਦਾ ਸਾਰਾ ਕਰਜ਼ ਮਾਫ਼ ਕਰਕੇ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।