ਤਲਵੰਡੀ ਸਾਬੋ: ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨਾਂ ਦਾ ਕੇਂਦਰ ਸਰਕਾਰ ਨੂੰ ਸਾਫ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਦੋ ਤਿੰਨ ਖੇਤੀਬਾੜੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਪੂਰੀ ਸਰਦੀਆਂ ਚ ਕਿਸਾਨਾਂ ਵੱਲੋਂ ਆਪਣਾ ਸੰਘਰਸ਼ ਲਗਾਤਾਰ ਜਾਰੀ ਸੀ ਤੇ ਹੁਣ ਕਿਸਾਨਾਂ ਵੱਲੋਂ ਦਿੱਲੀ ਬਾਰਡਰ ਤੇ ਗਰਮੀਆਂ ਦੀ ਵੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਨੂੰ ਲੈਕੇ ਪੰਜਾਬ ਦੇ ਵੱਖ ਵੱਖ ਜਿਲ੍ਹਿਆ ਚੋਂ ਵੱਡੀ ਗਿਣਤੀ ਚ ਕਿਸਾਨ ਦਿੱਲੀ ਬਾਰਡਰ ’ਤੇ ਧਰਨੇ ਲਈ ਜਾ ਰਹੇ ਹਨ।
ਇਹ ਵੀ ਪੜੋ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਮਨਾਇਆ ਜਾ ਰਿਹਾ ਕਾਲਾ ਦਿਵਸ
ਇਕ ਹੋਰ ਕਿਸਾਨ ਦੀ ਹੋਈ ਮੌਤ
ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਖਿਲਾਫ ਕੀਤੇ ਜਾ ਰਹੇ ਸੰਘਰਸ਼ ਦੌਰਾਨ ਹਲਕਾ ਤਲਵੰਡੀ ਸਾਬੋ ਦਾ ਇੱਕ ਹੋਰ ਸੰਘਰਸ਼ਸ਼ੀਲ ਕਿਸਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਮਿਰਜ਼ੇਆਣਾ ਦਾ ਰਹਿਣ ਵਾਲਾ ਕਿਸਾਨ ਸੱਤਪਾਲ ਸਿੰਘ ਲਗਾਤਾਰ ਧਰਨੇ ’ਚ ਸ਼ਾਮਿਲ ਸੀ। ਪਿਛਲੀ ਦਿਨੀਂ ਉਸਦੀ ਸਿਹਤ ਖਰਾਬ ਹੋ ਗਈ ਤਾਂ ਮੁਢਲੇ ਇਲਾਜ ਉਪਰੰਤ ਕਿਸਾਨ ਦੀ ਸਿਹਤ ਜਿਆਦਾ ਵਿਗੜਨ ’ਤੇ ਉਸਨੂੰ ਪਿੰਡ ਲਿਆਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।
ਕਿਸਾਨ ਨੂੰ ਦਿੱਤਾ ਗਿਆ ਸ਼ਹੀਦ ਦਾ ਦਰਜਾ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨ ਨੂੰ ਸ਼ਹੀਦ ਦਾ ਐਲਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਲਈ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇਕ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਕਈ ਦਿਨਾਂ ਤੋਂ ਚਲ ਰਿਹਾ ਕਿਸਾਨਾਂ ਸੰਘਰਸ਼
ਕਾਬਿਲੇਗੌਰ ਹੈ ਕਿ ਕਿਸਾਨਾਂ ਦਾ ਸੰਘਰਸ਼ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਇਸ ਦੌਰਾਨ ਕਈ ਕਿਸਾਨਾਂ ਦੀ ਮੌਤ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਦੇ ਰਹੀ ਹੈ। ਆਪਣੇ ਜਿੱਦੀ ਸੁਭਾਅ ਕਾਰਨ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਹੈ।