ਬਠਿੰਡਾ: ਬਠਿੰਡਾ ਦੇ ਪਿੰਡ ਕਟਾਰ ਸਿੰਘ ਵਾਲਾ ‘ਚ ਸਰਕਾਰੀ ਸਕੂਲ ਦੇ ਬਾਰਾਂ ਬੱਚਿਆਂ ਸਣੇ ਤਿੰਨ ਅਧਿਆਪਕ ਕੋਰੋਨਾ ਪੌਜ਼ੀਟਿਵ ਪਾਏ ਗਏ, ਜਿਸ ਤੋਂ ਬਾਅਦ ਕੋਰੋਨਾ ਦਾ ਖੌਫ਼ ਬਾਕੀ ਸਕੂਲਾਂ ਦੇ ਵਿੱਚ ਵੀ ਵਧ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਸਕੂਲਾਂ ਦੇ ਵਿਦਿਆਰਥੀਆਂ ਸਣੇ ਕਈ ਅਧਿਆਪਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਜਿਸ ਨੂੰ ਲੈ ਕੇ ਸਿਹਤ ਵਿਭਾਗ ਨੇ ਹੁਣ ਮੁਸਤੈਦੀ ਵਧਾ ਦਿੱਤੀ ਹੈ ਅਤੇ ਬਠਿੰਡਾ ਦੇ ਮੈਰੀਟੋਰੀਅਸ ਸਕੂਲ ‘ਚ ਅੱਜ ਕੋਰੋਨਾ ਟੈਸਟਿੰਗ ਕੀਤੀ ਗਈ।
ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਹ ਅੱਜ ਮੈਰੀਟੋਰੀਅਸ ਸਕੂਲ ਵਿੱਚ ਪਹੁੰਚੇ ਹਨ ਜਿਸ ਨੂੰ ਲੈ ਕੇ ਅੱਜ ਸਕੂਲੀ ਸਟਾਫ਼ ਦੀ ਕੋਰੋਨਾ ਟੈਸਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ‘ਚ ਕੋਰੋਨਾ ਟੈਸਟਿੰਗ ਲਈ ਉਨ੍ਹਾਂ ਕੋਲ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹੁਣ ਉਹ ਵੱਖ ਵੱਖ ਸਕੂਲਾਂ ‘ਚ ਜਾ ਕੇ ਕੋਰੋਨਾ ਟੈਸਟਿੰਗ ਕਰ ਰਹੇ ਹਨ।
ਮੈਰੀਟੋਰੀਅਸ ਸਕੂਲ ਦੀ ਪ੍ਰਿੰਸੀਪਲ ਰੂਬੀ ਗੁਪਤਾ ਨੇ ਦੱਸਿਆ ਕਿ ਅੱਜ ਸਕੂਲ ਦੇ 90 ਸਟਾਫ਼ ਕਰਮੀਆਂ ਦੀ ਕੋਰੋਨਾ ਟੈਸਟਿੰਗ ਕੀਤੀ ਗਈ ਹੈ ਅਤੇ ਸਕੂਲ ‘ਚ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀ ਅਤੇ ਸਟਾਫ਼ ਵੱਲੋਂ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚੋਂ ਦੋ ਸਕੂਲੀ ਅਧਿਆਪਕ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ, ਜਿਸ ਤੋਂ ਬਾਅਦ ਕੋਰੋਨਾ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਹਰ ਵਿਦਿਆਰਥੀ ਇੱਕ ਬੈਂਚ ਤੇ ਹੀ ਬੈਠੇਗਾ ਅਤੇ ਮਾਸਕ ਪਾਉਣਾ ਲਾਜ਼ਮੀ ਹੈ।