ਬਰਨਾਲਾ: ਪੰਜਾਬ ਦੇ ਠੇਕਾ ਮੁਲਾਜ਼ਮ ਪੰਜਾਬ ਸਰਕਾਰ ਦੀ ਕਾਰਪੋਰੇਟ ਪੱਖੀ ਅਤੇ ਕਾਮਾ ਵਿਰੋਧੀ ਖਸਲਤ ਵਿਰੁੱਧ 17 ਦਸੰਬਰ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਹਰਜੋਤ ਸਿੰਘ ਬੈਂਸ, ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੀਤ ਹੇਅਰ, ਬ੍ਰਹਮ ਸੰਕਰ ਜਿੰਪਾ, ਹਰਭਜਨ ਸਿੰਘ ਈ.ਟੀ.ਓ., ਫੌਜਾ ਸਿੰਘ ਸਰਾਰੀ ਦੇ ਘਰਾਂ/ਦਫਤਰਾਂ ਅੱਗੇ ਰਾਤ ਸਮੇਂ ਪਹਿਲਾਂ ਇਨ੍ਹਾਂ ਦੇ ਸ਼ਹਿਰਾਂ ਵਿੱਚ ਪਰਿਵਾਰਾਂ ਸਮੇਤ ਜਾਗੋਆਂ ਕੱਢਣ ਉਪਰੰਤ ਸਾਰੀ ਰਾਤ ਜਗਰਾਤੇ ਕਰਨਗੇ, ਪ੍ਰਭਾਤ ਸਮੇਂ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ, ਪੰਜਾਬ ਦੇ ਲੋਕਾਂ ਸਾਹਮਣੇ ਇਸ ਸਰਕਾਰ ਦੀ ਕਾਮਾ ਅਤੇ ਲੋਕ ਵਿਰੋਧੀ ਖਸਲਤ ਨੂੰ ਲੋਕਾਂ ਵਿੱਚ ਨੰਗਾ ਕਰਕੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।
ਇਹ ਵੀ ਪੜੋ: ਪਾਕਿਸਤਾਨ 'ਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ, ਸੁਪਰੀਮ ਕੋਰਟ ਦਾ ਹੁਕਮ- ਜਨਗਣਨਾ ਫਾਰਮ 'ਚ ਹੋਵੇ ਵੱਖਰਾ ਕਾਲਮ
ਮੋਰਚੇ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਕਹਿਰ ਦੀ ਸਰਦੀ ਦੇ ਮੌਸਮ ਵਿੱਚ ਰਾਤਾਂ ਜਾਗਕੇ ਪਰਿਵਾਰਾਂ ਸਮੇਤ ਸੰਘਰਸ਼ ਕਰਨਾ ਠੇਕਾ ਮੁਲਾਜ਼ਮਾਂ ਦਾ ਕੋਈ ਸ਼ੌਕ ਨਹੀਂ ਸਗੋਂ ਮਜਬੂਰੀ ਹੈ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਪੈਦਾ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਪਲੇਟਫਾਰਮ ਤੋਂ ਅਸੀਂ ਮਿਤੀ 03-04-2022 ਤੋਂ ਮੰਗ ਪੱਤਰ ਦੇਕੇ ਗੱਲਬਾਤ ਰਾਹੀਂ ਮੰਗਾਂ ਦੇ ਨਿਪਟਾਰੇ ਦੀ ਮੰਗ ਕਰਦੇ ਆ ਰਹੇ ਹਾਂ, ਪੰਜਾਬ ਸਰਕਾਰ ਵੱਲੋੰ ਛੇ ਵਾਰ ਮੀਟਿੰਗ ਦਾ ਸਮਾਂ ਦੇਕੇ ਐਨ ਮੌਕੇ ਤੇ ਜਾਕੇ ਜ਼ਰੂਰੀ ਰੁਝੇਵਿਆਂ ਦੇ ਬਹਾਨੇ ਹੇਠ ਮੀਟਿੰਗ ਕਰਨ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ।
ਉਹਨਾਂ ਨੇ ਕਿਹਾ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਾਰ-ਵਾਰ ਮੀਟਿੰਗ ਦਾ ਸਮਾਂ ਤਹਿ ਕਰਵਾਉਣ ਲਈ ਮਜਬੂਰੀ ਵੱਸ ਸੰਘਰਸ਼ ਕਰਨਾ ਪਿਆ ਹੈ, ਪਰ ਅੱਜ ਤੱਕ ਪਿਛਲੇ ਅੱਠ ਮਹੀਨੇ ਵਿੱਚ ਸਰਕਾਰ ਕੋਲ ਠੇਕਾ ਮੁਲਾਜਮਾਂ ਦੀਆਂ ਅਹਿਮ ਸਮਸਿਆਵਾਂ ਸੁਣਨ ਦਾ ਵੀ ਸਮਾਂ ਨਹੀਂ ਹੈ। ਜਿਸ ਕਾਰਨ ਮਜ਼ਬੂਰੀ ਵੱਸ ਇਸ ਸੰਘਰਸ਼ ਸੱਦੇ ਰਾਹੀਂ ਪੰਜਾਬ ਦੇ ਮਿਹਨਤਕਸ਼ ਲੋਕਾਂ ਤੱਕ ਇਸ ਅਸਲੀਅਤ ਨੂੰ ਲੈਕੇ ਜਾਣ ਦਾ ਫੈਸਲਾ ਕੀਤਾ ਹੈ।
ਆਗੂਆਂ ਨੇ ਕਿਹਾ ਕਿ ਮਸਲਾ ਸਿਰਫ ਗੱਲਬਾਤ ਨਾ ਕਰਨ ਤੱਕ ਹੀ ਸੀਮਤ ਨਹੀਂ ਹੈ ਸਗੋਂ ਠੇਕਾ ਮੁਲਾਜ਼ਮ ਜਿਹੜੇ ਪੱਕੇ ਕੰਮ ਖੇਤਰ ਦੀ ਨੀਤੀ ਤਹਿਤ ਪੱਕੇ ਰੋਜ਼ਗਾਰ ਦੀ ਮੰਗ ਕਰਦੇ ਹਨ। ਉਹਨਾਂ ਦਾ ਠੇਕਾ ਰੁਜ਼ਗਾਰ ਵੀ ਅੱਜ ਖ਼ਤਰੇ ਮੂੰਹ ਆ ਗਿਆ ਹੈ। ਬਾਹਰੋਂ ਪੱਕੀ ਭਰਤੀ ਕਰਕੇ ਠੇਕਾ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਹੈ। ਇਸ ਨੀਤੀ ਤੇ ਚਲਕੇ ਸਰਕਾਰ ਠੇਕਾ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਵਿੱਚ ਨਫ਼ਰਤ ਦਾ ਮਾਹੌਲ ਪੈਦਾ ਕਰਕੇ ਪਾਟਕਪਾਊ ਸਾਜ਼ਿਸ਼ਾਂ ਰਾਹੀਂ ਸੰਘਰਸ਼ ਨੂੰ ਕੁਚਲਣ ਦੀਆਂ ਸਾਜ਼ਿਸ਼ਾਂ ਚੱਲ ਰਹੀ ਹੈ। ਕਿਉਂਕਿ ਇੱਕ ਪਾਸੇ ਇੱਕ ਲੱਖ ਦੇ ਲੱਗਭੱਗ ਪੱਕੇ ਰੁਜ਼ਗਾਰ ਦੇ ਮੌਕੇ ਉਜਾੜਕੇ ਬੇਰੁਜ਼ਗਾਰਾਂ ਦਾ ਹੱਕ ਖੋਹ ਲਿਆ ਗਿਆ। ਦੂਸਰੇ ਹੱਥ ਠੇਕਾ ਮੁਲਾਜ਼ਮਾਂ ਦਾ ਠੇਕਾ ਰੁਜ਼ਗਾਰ ਖੋਹਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀਆਂ ਸਾਜ਼ਿਸ਼ਾਂ ਰਾਹੀਂ ਪਾਟਕਪਾਊ ਸਾਜ਼ਿਸ਼ਾਂ ਚੱਲੀਆਂ ਜਾ ਰਹੀਆਂ ਹਨ,ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਦੀ ਅਦਾਇਗੀ ਨਹੀਂ ਹੋ ਰਹੀ। ਮਹੀਨਿਆਂ ਵਧੀ ਅਰਸੇ ਤੋਂ ਬਣਦੇ ਬਕਾਏ ਨਹੀਂ ਦਿੱਤੇ ਜਾ ਰਹੇ। ਹਾਦਸਿਆਂ ਦੀ ਸੂਰਤ ਵਿੱਚ ਮੁਆਵਜਿਆਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਸੰਘਰਸ਼ ਕਰਨ ਦੇ ਹੱਕ ਨੂੰ ਕੁਚਲਣ ਲਈ ਸਮੂਹਿਕ ਛੁੱਟੀ ਦਾ ਅਧਿਕਾਰ ਵੀ ਗੈਰ ਕਾਨੂੰਨੀ ਢੰਗ ਨਾਲ ਖ਼ਤਮ ਕੀਤਾ ਜਾ ਰਿਹਾ ਹੈ। ਜਿਸ ਕਾਰਨ ਠੇਕਾ ਮੁਲਾਜ਼ਮ ਆਪਣੀ ਰੋਟੀ ਅਤੇ ਰੁਜ਼ਗਾਰ ਦੀ ਰਾਖੀ ਲਈ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹਨ।
ਆਗੂਆਂ ਨੇ ਪੰਜਾਬ ਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਸੰਘਰਸ਼ ਹੀ ਆਪਣੀ ਰੋਟੀ ਅਤੇ ਰੁਜ਼ਗਾਰ ਦੀ ਰਾਖੀ ਲਈ ਇੱਕੋ ਇੱਕ ਰਾਹ ਸਾਡੇ ਕੋਲ ਬਾਕੀ ਹੈ। ਜਿਸ ਤੇ ਚੱਲਕੇ ਅਸੀਂ ਆਪਣੇ ਹੱਕਾਂ ਅਤੇ ਹਿਤਾਂ ਦੀ ਰਾਖੀ ਕਰ ਸਕਦੇ ਹਾਂ। ਇਸ ਲਈ ਕਿਸੇ ਕਿਸਮ ਦੀ ਜੱਕੋ-ਤੱਕੀ ਅਤੇ ਪਾਟਕਪਾਊ ਸਾਜ਼ਿਸ਼ਾਂ ਸਾਡਾ ਭਲਾ ਕਰਨ ਦੀ ਥਾਂ ਸਰਕਾਰ ਦੇ ਹਿੱਤ ਵਿੱਚ ਹੀ ਭੁਗਤਣਗੀਆਂ, ਜਿੰਨ੍ਹਾਂ ਦਾ ਹਰ ਪੱਧਰ ਤੇ ਵਿਰੋਧ ਕਰਦਿਆਂ ਇਸ ਸੰਘਰਸ਼ ਦੀ ਸਫਲਤਾ ਲਈ ਪੂਰਾ ਤਾਣ ਲਾਇਆ ਜਾਵੇਗਾ।
ਇਹ ਵੀ ਪੜੋ: Daily Love Rashifal ਜਾਣੋ ਕਿਹੜੀ ਰਾਸ਼ੀ ਵਾਲੇ ਰਹਿਣਗੇ ਉਦਾਸ ਤੇ ਖੁਸ਼, ਪੜ੍ਹੋ ਅੱਜ ਦਾ ਲਵ ਰਾਸ਼ੀਫਲ