ਬਠਿੰਡਾ : ਇਕ ਜਨਵਰੀ ਤੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਹਿਟ ਐਂਡ ਰਨ ਕਾਨੂੰਨ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ । ਤੇਲ ਟੈਂਕਰ ਅਤੇ ਟਰੱਕ ਚਾਲਕਾਂ ਵੱਲੋਂ ਇਸ ਕਾਨੂੰਨ ਨੂੰ ਲਗਾਤਾਰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਡਰਾਈਵਰ ਭਾਈਚਾਰੇ ਵੱਲੋਂ 1 ਜਨਵਰੀ ਤੋਂ ਜਿੱਥੇ ਇਸ ਕਾਨੂੰਨ ਦਾ ਲਗਾਤਾਰ ਵਿਰੋਧ ਕੀਤਾ ਗਿਆ ਉੱਥੇ ਹੀ ਸਰਕਾਰ ਵੱਲੋਂ ਇਸ ਮਸਲੇ ਨੂੰ ਲੈ ਕੇ ਭਾਵੇਂ ਟਰਾਂਸਪੋਰਟ ਯੂਨੀਅਨ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਪਰ ਇਹ ਗੱਲਬਾਤ ਕਿਸੇ ਸਿਰੇ ਨਾ ਲੱਗਦੀ ਵੇਖ ਹੁਣ ਡਰਾਈਵਰ ਭਾਈਚਾਰੇ ਵੱਲੋਂ ਮੁੜ ਤੋਂ ਸੜਕਾਂ ਤੇ ਉਤਰਨ ਦਾ ਐਲਾਨ ਕੀਤਾ ਗਿਆ ਹੈ।
ਡਰਾਈਵਰ ਭਾਈਚਾਰੇ ਵੱਲੋਂ ਹੜਤਾਲ : ਬਠਿੰਡਾ ਮਾਨਸਾ ਰੋਡ 'ਤੇ ਵੱਖ-ਵੱਖ ਕੰਪਨੀਆਂ ਦੇ ਸਥਿਤ ਤੇਲ ਦੇ ਡੰਪ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਡਰਾਈਵਰ ਭਾਈਚਾਰੇ ਨੇ ਇੱਕ ਵਾਰ ਫਿਰ ਹੜਤਾਲ ਦਾ ਐਲਾਨ ਕਰ ਦਿੱਤਾ । ਉਹਨਾਂ ਕਿਹਾ ਕਿ ਜਿੰਨਾ ਸਮਾਂ ਕੇਂਦਰ ਸਰਕਾਰ ਵੱਲੋਂ ਇਸ ਕਾਨੂੰਨ ਨੂੰ ਵਾਪਸ ਨਹੀਂ ਲਿਆ ਜਾਂਦਾ ਉਨਾਂ ਸਮਾਂ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਉਨਾਂ ਵੱਲੋਂ ਕਿਸੇ ਵੀ ਪੈਟਰੋਲ ਪੰਪ 'ਤੇ ਤੇਲ ਦੀ ਗੱਡੀ ਨਹੀਂ ਭੇਜੀ ਜਾਵੇਗੀ। ਉਹਨਾਂ ਕਿਹਾ ਕਿ ਬੀਤੀ ਰਾਤ ਪ੍ਰਦਰਸ਼ਨ ਕਰ ਰਹੇ ਡਰਾਈਵਰਾਂ 'ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਅਤੇ ਧੱਕੇ ਨਾਲ ਤੇਲ ਦੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਗਈ । ਉਧਰ ਦੂਸਰੇ ਪਾਸੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਡਰਾਈਵਰਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ । ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਨੂੰ ਵੇਖਦੇ ਹੋਏ ਵੱਡੀ ਗਿਣਤੀ ਵਿੱਚ ਪੁਲਿਸ ਨੂੰ ਤੈਨਾਤ ਕੀਤਾ ਗਿਆ । ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ ਤਾਂ 2024 ਵਿੱਚ ਡਰਾਈਵਰ ਭਾਈਚਾਰੇ ਵੱਲੋਂ ਭਾਜਪਾ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਅਤੇ ਹਰ ਹਾਲਤ ਵਿੱਚ ਇਹ ਕਾਨੂੰਨ ਵਾਪਸ ਕਰਵਾ ਕੇ ਰਹਿਣਗੇ ।
ਇਲਜ਼ਾਮ ਸਰਾਸਰ ਗਲਤ : ਦੂਜੇ ਪਾਸੇ ਡੀਐਸਪੀ ਰਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਹੜਤਾਲ 'ਤੇ ਚੱਲ ਰਹੇ ਡਰਾਈਵਰਾਂ ਨਾਲ ਗੱਲਬਾਤ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਜਲਦ ਹੀ ਹੜਤਾਲ ਖੁੱਲ ਜਾਵੇਗੀ ਸਾਡੇ ਵਿਭਾਗ ਵੱਲੋਂ ਕਿਸੇ ਵੀ ਡਰੈਵਰ ਨਾਲ ਕੁੱਟਮਾਰ ਨਹੀਂ ਕੀਤੀ ਗਈ । ਉਹਨਾਂ ਕਿਹਾ ਕਿ ਕੋਈ ਸਬੂਤ ਹੈ ਤਾਂ ਦਿਖਾਉਣ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਸਰਾਸਰ ਗਲਤ ਹਨ ।