ਬਠਿੰਡਾ: ਹੜ੍ਹ ਪ੍ਰਭਾਵਿਤ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਸਮੇਤ ਕਿਸਾਨੀ ਮਸਲਿਆਂ ਨਾਲ ਸੰਬੰਧਿਤ ਮੰਗਾਂ ਨੂੰ ਮਨਵਾਉਣ ਲਈ ਉਤਰੀ ਭਾਰਤ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਫਰੰਟ ਤਹਿਤ ਚੰਡੀਗੜ੍ਹ ਵਿਖੇ 22 ਅਗਸਤ ਨੂੰ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ। ਉਥੇ ਹੀ ਇਸ ਮੋਰਚੇ 'ਚ ਸ਼ਮੂਲੀਅਤ ਕਰਨ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਅਗਵਾਈ 'ਚ ਜਿਵੇਂ ਹੀ ਕਿਸਾਨ ਪਿੰਡਾਂ ਚੋਂ ਟਰੈਕਟਰ ਟਰਾਲੀਆਂ 'ਤੇ ਸਵਾਰ ਹੋਕੇ ਚੰਡੀਗੜ੍ਹ ਲਈ ਰਵਾਨਾ ਹੋਏ ਤਾਂ ਸੂਬੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਫੜੋ ਫੜਾਈ ਸ਼ੁਰੂ ਕਰ ਦਿੱਤੀ ਗਈ। ਜਦਕਿ ਕਈ ਸੀਨੀਅਰ ਕਿਸਾਨ ਆਗੂਆਂ ਦੇ ਘਰਾਂ ਅੰਦਰ ਰੇਡ ਮਾਰਕੇ ਉਹਨਾਂ ਨੂੰ ਹਿਰਾਸਤ 'ਚ ਵੀ ਲੈ ਲਿਆ ਗਿਆ।
ਧਰਨੇ 'ਚ ਜਾ ਰਹੇ ਕਿਸਾਨਾਂ ਦੀ ਫੜੋ ਫੜਾਈ: ਇਸ ਦੌਰਾਨ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਦੇ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਬਲਾਕ ਰਾਮਪੁਰਾ ਤੇ ਬਲਾਕ ਫੂਲ ਦੇ ਕਿਸਾਨ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਦੀ ਅਗਵਾਈ 'ਚ ਰਵਾਨਾ ਹੋਏ ਸਨ। ਜਿਹਨਾਂ ਨੂੰ ਬਡਬਰ ਤੋਂ ਪੁਲਿਸ ਪ੍ਰਸ਼ਾਸਨ ਨੇ ਹਿਰਾਸਤ 'ਚ ਲੈਕੇ ਜੇਲ੍ਹ ਭੇਜ ਦਿੱਤਾ ਸੀ, ਜਦਕਿ ਬਠਿੰਡਾ ਜ਼ਿਲ੍ਹੇ ਦੇ ਕੁੱਲ 55 ਕਿਸਾਨ ਜੇਲ੍ਹ 'ਚ ਭੇਜੇ ਗਏ ਸਨ।
ਸੂਬਾ ਸਰਕਾਰ ਲੋਕ ਰੋਹ ਅੱਗੇ ਝੁਕਣ ਲਈ ਮਜਬੂਰ: ਇਸ ਮੌਕੇ ਉਹਨਾਂ ਕਿਹਾ ਕਿ ਕਿਸਾਨਾਂ ਦੀ ਰਿਹਾਈ ਲਈ ਸੂਬੇ ਅੰਦਰ ਜਗ੍ਹਾ ਜਗ੍ਹਾ ਸੜਕਾਂ ਜਾਮ ਹੋਣ ਮਗਰੋਂ ਸੂਬਾ ਸਰਕਾਰ ਨੂੰ ਲੋਕ ਰੋਹ ਅੱਗੇ ਮੂੰਹ ਦੀ ਖਾਣੀ ਪਈ ਤੇ ਬੀਤੇ ਦਿਨ ਸੰਗਰੂਰ ਵਿਖੇ ਕਿਸਾਨਾਂ ਨਾਲ ਮੀਟਿੰਗ ਦੌਰਾਨ ਹਿਰਾਸਤ 'ਚ ਲਏ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਸਮੇਤ ਲੌਂਗੋਵਾਲ ਕਾਂਡ ਦੀਆਂ ਮੰਗਾਂ ਮੰਨੀਆਂ ਗਈਆਂ ਹਨ।
'ਵਾਅਦੇ ਤੋਂ ਮੁਕਰੇ ਪੁਲਿਸ ਅਧਿਕਾਰੀ': ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਕੁੱਲ 55 ਕਿਸਾਨ ਬਠਿੰਡਾ ਦੀ ਜੇਲ੍ਹ ਵਿੱਚ ਬੰਦ ਸਨ। ਜਿਹਨਾਂ ਦੀ ਦੇਰ ਸ਼ਾਨ ਰਿਹਾਈ ਹੋਈ ਹੈ। ਉਹਨਾਂ ਸੂਬਾ ਸਰਕਾਰ 'ਤੇ ਬਦਲਾਖੋਰੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਏਡੀਜੀਪੀ ਜਸਕਰਨ ਸਿੰਘ ਪਰਮਾਰ, ਆਈਜੀ ਮੁਖਵਿੰਦਰ ਸਿੰਘ ਛੀਨਾ ਤੇ ਬਾਰਡਰ ਰੇਂਜ ਦੇ ਆਈਜੀ ਨਰਿੰਦਰ ਭਾਰਗਵ ਸਮੇਤ ਹੋਰ ਵੀ ਉਚ ਅਧਿਕਾਰੀਆਂ ਨੇ ਕਿਹਾ ਸੀ ਕਿ ਜੇਲ੍ਹ 'ਚ ਬੰਦ ਕੀਤੇ ਕਿਸਾਨ ਦੁਪਹਿਰ 12 ਵਜੇ ਤੱਕ ਜੇਲ੍ਹ ਤੋਂ ਰਿਹਾਅ ਹੋ ਜਾਣਗੇ ਪਰ ਇਸਦੇ ਬਾਵਜੂਦ ਵੀ ਜ਼ਿਲ੍ਹਾ ਪੁਲਿਸ ਵੱਲੋਂ ਹਲੇ ਤੱਕ ਕਿਸਾਨਾਂ ਦੇ ਰੁਕੇ ਜੇਲ੍ਹ ਸੁਪਰਡੈਂਟ ਪਾਸ ਨਾ ਭੇਜਣ ਦੇ ਚੱਲਦਿਆਂ ਮਜਬੂਰਨ ਸਾਨੂੰ ਜੇਲ੍ਹ ਮੂਹਰੇ ਧਰਨਾ ਲਗਾਕੇ ਜੇਲ੍ਹ ਦਾ ਗੇਟ ਬੰਦ ਕਰਨਾ ਪਿਆ ਤੇ ਏਡੀਜੀਪੀ ਜਸਕਰਨ ਸਿੰਘ ਪਰਮਾਰ ਨਾਲ ਮੁੜ ਤੋਂ ਰਾਬਤਾ ਕਰਨ ਮਗਰੋਂ ਕਿਸਾਨਾਂ ਨੂੰ ਦੇਰ ਰਾਤ ਤੱਕ ਸਿਫਟਾਂ 'ਚ ਰਿਹਾ ਕੀਤਾ ਗਿਆ।
- ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਅਦਾਲਤ 'ਚ ਹੋਏ ਪੇਸ਼, 1 ਸਤੰਬਰ ਨੂੰ ਹੋਵੇਗੀ ਅਗਲੀ ਪੇਸ਼ੀ
- ਕੁੱਲੂ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀਆਂ ਇਮਾਰਤਾਂ, ਰੂਹ ਕੰਬਾਊ ਤਸਵੀਰਾਂ ਆਈਆਂ ਸਾਹਮਣੇ
- ਦਰਜਨਾਂ ਪਿੰਡਾਂ 'ਚ ਹੜ੍ਹਾਂ ਕਾਰਨ ਬਰਬਾਦੀ ਦਾ ਮੰਜ਼ਰ, ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋਏ ਆਸ਼ਿਆਨੇ, ਸੈਲਾਬ 'ਚ ਰੁੜ੍ਹ ਗਏ ਸੁਪਨੇ, ਦੇਖੋ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ
ਮੀਟਿੰਗ ਦੇ ਭਰੋਸੇ ਤੋਂ ਬਾਅਦ ਧਰਨਾ ਮੁਲਤਵੀ: ਦੱਸ ਦਈਏ ਕਿ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਚੰਡੀਗੜ੍ਹ 'ਚ ਪ੍ਰਦਰਸ਼ਨ ਕੀਤਾ ਜਾਣਾ ਸੀ, ਜਿਸ 'ਚ ਲੌਂਗੋਵਾਲ ਧਰਨੇ 'ਤੇ ਕਿਸਾਨ ਅਤੇ ਪੁਲਿਸ ਦੀ ਖਿੱਚਧੂਹ 'ਚ ਇੱਕ ਕਿਸਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਜਾਨ ਚਲੀ ਗਈ ਸੀ। ਜਿਸ ਦੇ ਰੋਸ 'ਚ ਕਿਸਾਨਾਂ ਵਲੋਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ ਤੇ ਇਸ ਦੌਰਾਨ ਪੰਜਾਬ 'ਚ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜੋ ਸਰਕਾਰ ਨਾਲ ਮੀਟਿੰਗ ਦਾ ਭਰੋਸਾ ਮਿਲਣ ਤੋਂ ਬਾਅਦ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ।