ਬਠਿੰਡਾ: ਤਿਉਹਾਰਾਂ ਅਤੇ ਮੇਲਿਆਂ ਨੂੰ ਲੈ ਕੇ ਸੂਬੇ ਭਰ ’ਚ ਪੁਲਿਸ ਪ੍ਰਸ਼ਾਸਨ (Punjab Police) ਪੂਰੀ ਤਰ੍ਹਾਂ ਮੁਸਤੈਦ ਹੈ। ਥਾਂ-ਥਾਂ ਨਾਕੇਬੰਦੀਆਂ ਲਾ ਕੇ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ’ਤੇ ਨਕੇਲ ਕੱਸੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਂਵੀ ਘਟਨਾ ਨਾ ਵਾਪਰੇ। ਇਸੇ ਦੇ ਚੱਲਦੇ ਪੁਲਿਸ ਨੂੰ ਬਠਿੰਡਾ (Bathinda) ਵਿਖੇ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਦੱਸ ਦਈਏ ਕਿ ਪੁਲਿਸ ਨੇ ਬਠਿੰਡਾ ਵਿਖੇ ਇੱਕ ਵਿਅਕਤੀ ਨੂੰ ਅਸਲੇ ਸਣੇ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਗ੍ਰਿਫਤਾਰ ਕੀਤਾ ਗਿਆ ਵਿਅਕਤੀ ਬੋਡੋ ਲਿਬਰੇਸ਼ਨ ਟਾਈਗਰ ਫੋਰਸ ਦਾ ਮੈਂਬਰ ਦੱਸਿਆ ਜਾ ਰਿਹਾ ਹੈ।
ਨਾਜ਼ਾਇਜ ਅਸਲੇ ਨਾਲ ਵਿਅਕਤੀ ਕਾਬੂ
ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਵੱਲੋਂ ਦੁਸਹਿਰਾ (Dussehra) ਮਨਾਉਣ ਲਈ ਸ਼ਹਿਰ ਚ ਫੇਰੀ ’ਤੇ ਆਉਣਗੇ। ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਦੱਸ ਦਈਏ ਕਿ ਪੁਲਿਸ ਨੇ ਨਾਜਾਇਜ਼ ਅਸਲਾ ਤਿਆਰ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਸੰਜੇ ਭਰਾਓ ਨਿਵਾਸੀ ਆਸਾਮ ਹੋਈ ਹੈ ਅਤੇ ਉਹ ਆਪਣੇ ਆਪ ਨੂੰ ਬੋਡੋ ਲਿਬਰੇਸ਼ਨ ਟਾਈਗਰਜ਼ ਫੋਰਸ ਅਸਾਮ ਦਾ ਮੈਂਬਰ ਦੱਸਦਾ ਹੈ। ਫਿਲਹਾਲ ਵਿਅਕਤੀ ਪੁਲਿਸ ਦੀ ਗ੍ਰਿਫਤ ’ਚ ਹੈ।
ਗ੍ਰਿਫਤਾਰ ਵਿਕਅਤੀ ਦੇ ਸਾਥੀ ਦੀ ਕੀਤੀ ਜਾ ਰਹੀ ਭਾਲ
ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਜੇ ਵਰਾਓ ਬਠਿੰਡਾ ਵਿੱਚ ਪਲੰਬਰ ਦਾ ਕੰਮ ਕਰਦਾ ਸੀ ਅਤੇ ਪੰਜਾਬ ਦੇ ਰਹਿਣ ਵਾਲੇ ਵਿਅਕਤੀ ਨਾਲ ਬਠਿੰਡਾ ਆਇਆ ਸੀ। ਪੁਲਿਸ ਨੂੰ ਗ੍ਰਿਫ਼ਤਾਰ ਕੀਤੇ ਗਏ ਸੰਜੇ ਭਰਾਓ ਕੋਲੋਂ ਨਾਜਾਇਜ਼ ਅਸਲਾ ਅਤੇ ਆਧਾਰ ਕਾਰਡ ਬਰਾਮਦ ਹੋਇਆ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਇਸ ਦੇ ਪੰਜਾਬ ਰਹਿਣ ਵਾਲੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਮੁਤਾਬਿਕ ਸੰਜੇ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜੋ: ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਪਾਕਿਸਤਾਨੀ ਅੱਤਵਾਦੀ ਕੀਤਾ ਗ੍ਰਿਫ਼ਤਾਰ