ਬਠਿੰਡਾ: ਪੰਜਾਬ ਸਰਕਾਰ ਨੇ ਅਨਲੌਕ 4.0 ਦੇ ਤਹਿਤ ਵੀਕਐਂਡ ਲੌਕਡਾਊਨ ਲਾਉਣ ਦਾ ਫੈਸਲਾ ਕੀਤਾ ਹੈ ਜਿਸ ਦੀ ਲੋਕ ਨਿਖੇਧੀ ਕਰ ਰਹੇ ਹਨ। ਬਠਿੰਡਾ ਵਾਸੀਆਂ ਦਾ ਕਹਿਣਾ ਹੈ ਕਿ ਵੀਕਐਂਡ ਲੌਕਡਾਊਨ ਲਾਉਣ ਕਰਕੇ ਮਾਮਲੇ ਘੱਟ ਨਹੀਂ ਰਹੇ ਹਨ ਸਗੋਂ ਵਪਾਰ ਅਤੇ ਪੰਜਾਬ ਦੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਸਹੀ ਫੈਸਲੇ ਨਾ ਲੈਣ ਕਰਕੇ ਜੀਡੀਪੀ -23.9 'ਤੇ ਪਹੁੰਚੀ
ਫੈਡਰੇਸ਼ਨ ਆਫ਼ ਆਲ ਇੰਡੀਆ ਵਪਾਰ ਮੰਡਲ ਦੇ ਮੀਤ ਪ੍ਰਧਾਨ ਅਮਿਤ ਕਪੂਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੇਸ਼ ਤੇ ਸੂਬਾ ਸਰਕਾਰ ਦੀ ਨੀਤੀਆਂ ਲੋਕ ਮਾਰੂ ਨੀਤੀਆਂ ਹਨ, ਜਿਹੜੀ ਸਰਕਾਰਾਂ ਦੇਸ਼ ਦੇ ਵਪਾਰ ਨੂੰ ਉੱਚਾ ਚੁੱਕਣ ਲਈ ਅਤੇ ਜੀਡੀਪੀ ਨੂੰ 8 ਜਾ 9 ਨੰਬਰ 'ਤੇ ਲੈ ਕੇ ਆਉਣ ਦੀ ਗੱਲ ਕਰਦੀ ਸੀ ਪਰ ਅੱਜ ਸਹੀ ਫ਼ੈਸਲੇ ਨਾ ਲੈਣ ਕਰਕੇ ਦੇਸ਼ ਦੀ ਜੀਡੀਪੀ -23.9 'ਤੇ ਆ ਪਹੁੰਚੀ ਹੈ। ਜੇਕਰ ਅਜਿਹੀ ਸਥਿਤੀ ਹੀ ਰਹੀ ਤਾਂ ਦੇਸ਼ ਦੇ ਵਪਾਰੀ, ਟੈਕਸ ਭਰਨ ਲਈ ਆਪਣੇ ਹੱਥ ਖੜ੍ਹੇ ਕਰ ਦੇਣਗੇ ਤੇ ਬਗ਼ਾਵਤ ਕਰਨ ਲਈ ਮਜਬੂਰ ਹੋ ਜਾਣਗੇ।
ਪੰਜਾਬ ਸਰਕਾਰ ਨੂੰ ਲੱਗਦਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਕਰਕੇ ਭੀੜ ਭਾੜ ਵਾਲੇ ਇਲਾਕਿਆਂ ਨੂੰ ਰੋਕ ਲੈਣਗੇ ਪਰ ਵਪਾਰੀਆਂ ਕੋਲ ਤਾਂ ਗਾਹਕ ਹੀ ਨਹੀਂ ਹਨ। ਵਪਾਰੀਆਂ ਨੂੰ ਆਪਣੇ ਘਰ, ਦੁਕਾਨ, ਬਿਜਲੀ ਦੇ ਬਿੱਲ ਦੇ ਖ਼ਰਚੇ ਤੇ ਹੋਰ ਖ਼ਰਚਿਆਂ ਨੂੰ ਪੂਰਾ ਕਰਨਾ ਬੇਹੱਦ ਮੁਸ਼ਕਲ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੀਕੈਂਡ ਲੌਕਡਾਊਨ ਲਾ ਕੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੀ ਗੱਲ ਕਰਦੀ ਹੈ ਤਾਂ ਉੱਧਰ ਸ਼ਰਾਬ ਦੇ ਠੇਕੇ ਖੁਲ੍ਹੇ ਰਹਿੰਦੇ ਹਨ ਤੇ ਕਾਫ਼ੀ ਭੀੜ ਵੀ ਹੁੰਦੀ ਹੈ ਜਿਸ ਕਰਕੇ ਸਰਕਾਰ ਨੂੰ ਵੀਕਐਂਡ ਲੌਕਡਾਊਨ ਨਹੀਂ ਲਾਉਣਾ ਚਾਹੀਦਾ ਹੈ।
ਸ਼ਨੀਵਾਰ ਐਤਵਾਰ ਦਾ ਲੌਕਡਾਊਨ ਹੋਵੇ ਖ਼ਤਮ
ਬੁਟੀਕ ਮਾਲਕ ਕਿਰਨਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਫੈਸਲਾ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਕਰਨ ਦਾ ਸਹੀ ਨਹੀਂ ਹੈ ਕਿਉਂਕਿ ਇਸ ਕਰਕੇ ਉਨ੍ਹਾਂ ਦੇ ਵਪਾਰ 'ਤੇ ਵੀ ਅਸਰ ਪੈਂਦਾ ਹੈ। ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਨੀਵਾਰ ਅਤੇ ਐਤਵਾਰ ਦਾ ਲੌਕਡਾਊਨ ਖੋਲ੍ਹ ਦੇਵੇ ਤਾਂ ਕਿ ਆਰਥਿਕ ਅਤੇ ਵਪਾਰਕ ਤੌਰ 'ਤੇ ਨੁਕਸਾਨ ਨਾ ਹੋਵੇ।
ਲੌਕਡਾਊਨ ਕਰਕੇ ਕਾਫ਼ੀ ਦਿੱਕਤ ਹੁੰਦੀ
ਘਰੇਲੂ ਮਹਿਲਾ ਪੂਜਾ ਸ਼ਰਮਾ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਲਾਉਣ ਦਾ ਪੰਜਾਬ ਸਰਕਾਰ ਦਾ ਫੈਸਲਾ ਠੀਕ ਨਹੀਂ ਹੈ, ਕਿਉਂਕਿ ਜਦੋਂ ਪਰਿਵਾਰ ਨਾਲ ਬਾਜ਼ਾਰ ਵਿੱਚ ਜਾਣ ਦਾ ਸਮਾਂ ਹੁੰਦਾ ਹੈ ਤਾਂ ਬਾਜ਼ਾਰ ਬੰਦ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਦਵਾਈਆਂ ਹੀ ਜ਼ਰੂਰਤ ਨਹੀਂ ਹੁੰਦੀਆਂ, ਸਗੋਂ ਹੋਰ ਵੀ ਘਰੇਲੂ ਜ਼ਰੂਰਤਾਂ ਵੀ ਹੁੰਦੀਆਂ ਹਨ ਪਰ ਬਾਜ਼ਾਰ ਬੰਦ ਹੋਣ ਕਰਕੇ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਤਾਂ ਕਿ ਉਹ ਆਪਣਾ ਧਿਆਨ ਰੱਖ ਸਕਣ। ਇਸ ਨਾਲ ਵਪਾਰ ਵੀ ਪ੍ਰਭਾਵਿਤ ਨਾ ਹੋਵੇ ਤੇ ਆਮ ਲੋਕਾਂ ਨੂੰ ਵੀ ਆਪਣੀਆਂ ਜ਼ਰੂਰਤਾਂ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਦਿੱਕਤਾਂ ਦਾ ਸਾਹਮਣਾ ਵੀ ਨਾ ਕਰਨਾ ਪਵੇ।
ਇਸ ਦੌਰਾਨ ਇੱਕ ਆਮ ਦੁਕਾਨਦਾਰ ਦਾ ਵੀ ਕਹਿਣਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਹੀ ਉਨ੍ਹਾਂ ਦਾ ਕੰਮ ਜ਼ਿਆਦਾ ਹੁੰਦਾ ਹੈ ਕਿਉਂਕਿ ਉਸ ਦਿਨ ਲੋਕਾਂ ਨੂੰ ਛੁੱਟੀ ਵੀ ਹੁੰਦੀ ਹੈ ਪਰ ਸ਼ਨੀਵਾਰ ਐਤਵਾਰ ਨੂੰ ਦੁਕਾਨਦਾਰੀ ਬੰਦ ਹੋਣ ਕਰਕੇ ਛੋਟੇ ਦੁਕਾਨਦਾਰ ਨਾਲ ਵੀ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇਸ ਕਰਕੇ ਉਹ ਸੂਬੇ ਦੀ ਸਰਕਾਰ ਨੂੰ ਗੁਜਾਰਿਸ਼ ਕਰਦੇ ਹਨ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਲੋਕਡਾਊਨ ਹਟਾ ਦਿੱਤਾ ਜਾਵੇ ਜਿਸ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਕਰ ਸਕਣਗੇ ਤੇ ਨਾਲ ਹੀ ਵਪਾਰੀ ਵਰਗ ਅਤੇ ਆਮ ਲੋਕ ਸੂਬਾ ਸਰਕਾਰ 'ਤੇ ਬੋਝ ਵੀ ਨਹੀਂ ਬਣਨਗੇ।