ਬਠਿੰਡਾ: ਸ਼ਹਿਰ ਵਿੱਚ ਨਗਰ ਨਿਗਮ ਕੋਰੋਨਾ ਕਾਲ ਦੌਰਾਨ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਇਸ ਵਿੱਚ ਭਾਵੇਂ ਸ਼ਹਿਰ ਨੂੰ ਸਾਫ਼ ਕਰਨ ਵਾਸਤੇ ਝਾੜੂ ਲਗਾਉਣਾ ਜਾਂ ਫ਼ਿਰ ਲੋਕਾਂ ਦੇ ਘਰ ਵਿੱਚੋਂ ਕੂੜਾ ਇਕੱਠਾ ਕਰਨਾ ਹੋਵੇ। ਇਹ ਸਾਰੇ ਕੰਮ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਹਨ। ਨਗਰ ਨਿਗਮ ਦੇ ਇਸ ਕੰਮ ਦੀ ਸ਼ਹਿਰ ਵਾਸੀਆਂ ਨੇ ਵੀ ਸ਼ਲਾਘਾ ਕੀਤੀ ਤੇ ਨਾਲ ਹੀ ਕਿਹਾ ਕਿ ਹੁਣ ਸ਼ਹਿਰ ਵਿੱਚ ਕਿਤੇ ਵੀ ਡੰਪ ਨਜ਼ਰ ਨਹੀਂ ਆਉਂਦੇ ਹਨ। ਇਸ ਦੇ ਨਾਲ ਹੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਪਹਿਲਾਂ ਉੁਨ੍ਹਾਂ ਨੂੰ ਬਿਮਾਰੀਆਂ ਦਾ ਖਤਰਾ ਹੁੰਦਾ ਸੀ ਪਰ ਹੁਣ ਸ਼ਹਿਰ ਵਿੱਚ ਸਾਫ਼-ਸਫ਼ਾਈ ਇੰਨੀ ਹੈ ਕਿ ਬਿਮਾਰੀ ਤਾਂ ਨੇੜੇ ਵੀ ਨਹੀਂ ਆ ਸਕਦੀ।
ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਨਗਰ ਨਿਗਮ ਦਾ ਉਪਰਾਲਾ
- ਸੰਦੀਪ ਚੀਫ਼ ਸੈਨੇਟਰੀ ਇੰਸਪੈਕਟਰ ਨੇ ਦੱਸਿਆ ਕਿ ਸ਼ਹਿਰ ਵਿੱਚ ਕੁੱਲ 50 ਵਾਰਡ ਹਨ।
- ਕੁਝ ਸਾਲ ਪਹਿਲਾਂ ਨਗਰ ਨਿਗਮ ਵੱਲੋਂ ਟਿੱਪਰ ਦੀ ਖ਼ਰੀਦ ਕੀਤੀ ਗਈ ਸੀ ਜਿਨ੍ਹਾਂ ਦੀ ਗਿਣਤੀ 46 ਹੈ।
- ਇਨ੍ਹਾਂ ਟਿੱਪਰਾਂ ਵਿੱਚ 303 ਸਫ਼ਾਈ ਕਰਮਚਾਰੀ ਕੰਮ ਕਰਦੇ ਹਨ।
- ਸਵੇਰੇ ਤੇ ਸ਼ਾਮ ਦੋਵੇਂ ਵੇਲੇ ਸਫ਼ਾਈ ਕਰਮਚਾਰੀ ਸ਼ਹਿਰ ਵਿੱਚ ਕੂੜਾ ਆਪਣੀ ਗੱਡੀ ਰਾਹੀਂ ਇਕੱਠਾ ਕਰਦੇ ਹਨ।
- ਬਕਾਇਦਾ ਮੁਨਾਦੀ ਵੀ ਟਿੱਪਰ ਵਾਲੇ ਕਰ ਰਹੇ ਹਨ ਤਾਂ ਕਿ ਲੋਕ ਆਪਣੇ ਘਰ ਦਾ ਕੂੜਾ ਬਾਹਰ ਨਾ ਸੁੱਟਣ।
- ਇਸ ਤੋਂ ਇਲਾਵਾ ਸਫਾਈ ਕਰਨ ਵਾਲੀ ਇੱਕ ਵੱਡੀ ਮਸ਼ੀਨ ਵੀ ਬਠਿੰਡਾ ਵਿੱਚ ਹੈ, ਜੋ ਕਿ ਮੇਨ ਸੜਕਾਂ ਦੀ ਸਫ਼ਾਈ ਰੁਟੀਨ ਵਿੱਚ ਕਰਦੀ ਹੈ।
- ਇਥੇ ਦੱਸਣਾ ਲਾਜ਼ਮੀ ਹੈ ਕਿ ਨਗਰ ਨਿਗਮ ਘਰਾਂ ਵਿੱਚੋਂ ਜਿਹੜਾ ਕੂੜਾ ਇਕੱਠਾ ਕਰਦੀ ਹੈ, ਉਸ ਬਦਲੇ ਕੋਈ ਚਾਰਜ ਨਹੀਂ ਲਿਆ ਜਾਂਦਾ ਹੈ।
- ਕਮਰਸ਼ੀਅਲ ਦੁਕਾਨਾਂ ਤੋਂ ਜ਼ਰੂਰ ਚਾਰਜ ਕੀਤਾ ਜਾਂਦਾ ਹੈ।
- ਕੋਰੋਨਾ ਵਾਇਰਸ ਜਦੋਂ ਤੋਂ ਫੈਲਣਾ ਸ਼ੁਰੂ ਹੋਇਆ ਹੈ ਉਸ ਦਿਨ ਤੋਂ ਨਗਰ ਨਿਗਮ ਵੱਲੋਂ ਸਫਾਈ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਗਈ।
- ਕਰਫਿਊ, ਲੌਕਡਾਊਨ ਵੇਲੇ ਰੁਟੀਨ ਦੀ ਤਰ੍ਹਾਂ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਆਪਣਾ ਕੰਮ ਕੀਤਾ ਗਿਆ।
- ਬਠਿੰਡਾ ਨਗਰ ਨਿਗਮ ਵੱਲੋਂ ਇਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕੋਈ ਵੀ ਗਾਰਬੇਜ ਦੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
- ਇਸ ਵਿੱਚ ਮਿਲੀ ਸ਼ਿਕਾਇਤ 'ਤੇ ਨਗਰ ਨਿਗਮ ਵੱਲੋਂ ਤੁਰੰਤ ਕਾਰਵਾਈ ਕਰ ਦਿੱਤੀ ਜਾਂਦੀ ਹੈ।
- ਸਫ਼ਾਈ ਕਰਮਚਾਰੀਆਂ ਦਾ ਕੰਮ ਸਵੇਰੇ 6 ਵਜੇ ਸ਼ੁਰੂ ਹੋ ਜਾਂਦਾ ਹੈ ਜੋ ਕਿ ਰਾਤ 8 ਵਜੇ ਤੱਕ ਚੱਲਦਾ ਹੈ।
- ਇਸ ਤੋਂ ਇਲਾਵਾ ਜਦੋਂ ਦੁਕਾਨਾਂ ਬੰਦ ਹੋ ਜਾਂਦੀਆਂ ਹਨ ਤਾਂ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਬਾਜ਼ਾਰ, ਜਿਨ੍ਹਾਂ ਵਿੱਚ ਮੁੱਖ ਬਾਜ਼ਾਰ ਵੀ ਸ਼ਾਮਿਲ ਹਨ ਉਨ੍ਹਾਂ ਦੀ ਸਫਾਈ ਕਰਦਾ ਹੈ।
- ਇਸ ਤੋਂ ਇਲਾਵਾ ਬਾਜ਼ਾਰਾਂ 'ਚੋਂ ਜਿਹੜਾ ਗਾਰਬੇਜ ਨਿਕਲਦਾ ਹੈ ਉਸ ਨੂੰ ਗੱਡੀਆਂ ਰਾਹੀਂ ਕਚਰਾ ਪਲਾਂਟ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ।
ਚੀਫ਼ ਸੈਨੇਟਰੀ ਇੰਸਪੈਕਟਰ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਟੀਮ ਵਰਕ ਰਾਹੀਂ ਹੀ ਸ਼ਹਿਰ ਦੀ ਸਾਫ ਸਫਾਈ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਬਕਾਇਦਾ ਨਗਰ ਨਿਗਮ ਦੇ ਕਮਿਸ਼ਨਰ ਵੀ ਇਸ ਬਾਬਤ ਰਿਵਿਊ ਮੀਟਿੰਗ ਉਨ੍ਹਾਂ ਦੇ ਨਾਲ ਕਰਦੇ ਰਹਿੰਦੇ ਹਨ ਤੇ ਬਠਿੰਡਾ ਮਾਲਵੇ ਦਾ ਪਹਿਲਾ ਸ਼ਹਿਰ ਹੈ ਜੋ ਕਿ ਗਾਰਬੇਜ ਡੰਪ ਫਰੀ ਹੈ।
ਉੱਥੇ ਹੀ ਇੱਕ ਪਾਸੇ ਜਿੱਥੇ ਸ਼ਹਿਰ ਨੂੰ ਸਾਫ਼ ਸੁਥਰਾ ਹੋਣ 'ਤੇ ਲੋਕ ਸ਼ਲਾਘਾ ਕਰ ਰਹੇ ਹਨ ਤਾਂ ਉੱਥੇ ਹੀ ਕਾਮਿਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੌਰਾਨ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਪਰ ਤਨਖ਼ਾਹ ਬਹੁਤ ਘੱਟ ਮਿਲ ਰਹੀ ਹੈ। ਇਸ ਦੇ ਚਲਦਿਆਂ ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਤਨਖ਼ਾਹ ਵਧਾਈ ਜਾਵੇ।