ਚੰਡੀਗੜ੍ਹ: ਅਕਾਲੀ ਦਲ ਅਤੇ ਕਾਂਗਰਸ ਲਈ ਵੱਕਾਰ ਦਾ ਸਵਾਲ ਬਣੀ ਬਠਿੰਡਾ ਸੀਟ 'ਤੇ ਇਸ ਵਾਰ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਵਿੱਚ ਫਸਵੀਂ ਟੱਕਰ ਮੰਨੀ ਜਾ ਰਹੀ ਹੈ। ਹਾਲਾਂਕਿ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਹਾਸਲ ਕਰ ਚੁੱਕੇ ਪੰਜਾਬੀ ਏਕਤਾ ਪਾਰਟੀ ਤੋਂ ਸੁਖਪਾਲ ਸਿੰਘ ਖਹਿਰਾ, ਆਪ ਤੋਂ ਬਲਜਿੰਦਰ ਕੌਰ ਵੀ ਚੋਣ ਮੈਦਾਨ ਵਿੱਚ ਹਨ।
ਬਠਿੰਡਾ ਦੇ ਸਿਆਸੀ ਸਮੀਕਰਣ
ਬਠਿੰਡਾ ਲੋਕ ਸਭਾ ਹਲਕੇ 'ਚ ਕੁੱਲ 16,13,616 ਵੋਟਰ ਹਨ, ਜਿਸ ਵਿੱਚ 853501 ਪੁਰਸ਼ ਵੋਟਰ ਜਦਕਿ 760095 ਮਹਿਲਾ ਵੋਟਰ ਹਨ ਅਤੇ 20 ਥਰਡ ਜੈਂਡਰ ਵੋਟਰ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵੇਲੇ 77 ਫ਼ੀਸਦੀ ਵੋਟਾਂ ਪਈਆਂ ਸਨ। 2014 ਵਿੱਚ 514727 ਵੋਟਾਂ ਹਾਸਲ ਕਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਨਪ੍ਰੀਤ ਬਾਦਲ ਨੂੰ 19395 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਪੋਲਿਟਿਕਲ ਗ੍ਰਾਫ਼
ਪਿਛਲੇ 15 ਸਾਲਾਂ ਤੋਂ ਬਠਿੰਡਾ 'ਤੇ ਅਕਾਲੀ ਦਲ ਦਾ ਕਬਜ਼ਾ ਹੈ, ਜਿਸ ਦੇ ਚਲਦਿਆਂ ਅਕਾਲੀ ਦਲ ਇਹ ਸੀਟ ਨਹੀਂ ਗਵਾਉਣਾਂ ਚਹੁੰਦਾ। ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਲੀਡਰਾਂ ਵੱਲੋਂ ਬਠਿੰਡਾ ਵਿੱਖੇ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਉਧਰ, ਰਾਜਾ ਵੜਿੰਗ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਕਾਂਗਰਸ ਦੀ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਪਹੁੰਚੀ ਅਤੇ ਪੰਜਾਬ ਇਕਾਈ ਤੋਂ ਨਾਰਾਜ਼ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਰਾਜਾ ਵੜਿੰਗ ਦੇ ਹੱਕ 'ਚ ਚੋਣ ਰੈਲੀ ਕਰਕੇ ਰਾਜਾ ਵੜਿੰਗ ਦੇ ਗ੍ਰਾਫ਼ ਨੂੰ ਵਧੌਣ ਦੀ ਕੋਸ਼ਿਸ਼ ਕੀਤੀ ਹੈ।
ਬਠਿੰਡਾ 'ਚ ਸਿਆਸੀ ਪਾਰਟੀਆਂ ਦਾ ਇਤੀਹਾਸ
ਬਠਿੰਡਾ 'ਚ ਪਹਿਲੀ ਵਾਰ 1952 'ਚ ਚੋਣਾਂ ਹੋਈਆਂ ਸਨ, ਜਿਸ ਵਿੱਚ ਕਾਂਗਰਸ ਦੇ ਉਮੀਦਵਾਰ ਹੁਕਮ ਸਿੰਘ ਨੇ ਜਿੱਤ ਹਾਸਲ ਕੀਤੀ ਸੀ। 1962 ਵਿੱਚ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ ਸਿੰਘ ਇਸ ਸੀਟ ਤੋਂ ਜੇਤੂ ਰਹੇ ਸਨ। 1967 ਵਿੱਚ ਅਕਾਲੀ ਦਲ ਦੇ ਸੰਤ ਗਰੁੱਪ ਨੇ ਬਠਿੰਡਾ ਦੀ ਸੀਟ 'ਤੇ ਕਬਜਾ ਕੀਤਾ, ਤੇ 1971 ਵਿੱਚ ਇਹ ਸੀਟ ਸੀਪੀਆਈ-ਕਾਂਗਰਸ ਗਠਜੋੜ ਦੇ ਉਮੀਦਵਾਰ ਭਾਨ ਸਿੰਘ ਭੋਰਾ ਦੀ ਝੋਲੀ ਪਈ। ਜੋਕਰ ਗੱਲ ਕੀਤੀ ਜਾਵੇਂ 1977 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੀ ਤਾਂ ਅਕਾਲੀ ਦਲ ਦੇ ਗੁਲਸ਼ਨ ਸਿੰਘ ਨੇ ਜਿੱਤ ਦਰਜ ਕੀਤੀ।
1980 ਵਿੱਚ ਕਾਂਗਰਸ ਦੇ ਹੁਕਮ ਸਿੰਘ ਅਤੇ 1984 ਵਿੱਚ ਅਕਾਲੀ ਦਲ ਦੇ ਨੇਤਾ ਤੇਜਾ ਸਿੰਘ ਦਰਦੀ ਨੇ ਇਸ ਸੀਟ ਤੋਂ ਬਾਜੀ ਮਾਰੀ। 1989 ਵਿੱਚ ਅਕਾਲੀ ਦਲ ਮਾਨ ਦੇ ਸੁੱਚਾ ਸਿੰਘ ਨੇ ਜਿੱਤ ਦਰਜ ਕੀਤੀ ਸੀ ਤੇ 1991 ਵਿੱਚ ਕਾਂਗਰਸ ਦੇ ਕੇਵਲ ਸਿੰਘ ਜੇਤੂ ਰਹੇ। 1996 ਵਿੱਚ ਅਕਾਲੀ ਦਲ ਦੇ ਹਰਿੰਦਰ ਸਿੰਘ ਖ਼ਾਲਸਾ, 1998 ਵਿੱਚ ਅਕਾਲੀ ਦਲ ਦੇ ਚੇਤਨ ਸਿੰਘ ਸਮਾਓਂ, 1999 ਵਿੱਚ ਸੀਪੀਆਈ-ਕਾਂਗਰਸ ਗਠਜੋੜ ਦੇ ਭਾਨ ਸਿੰਘ ਭੋਰਾ ਨੇ ਇਸ ਸੀਟ ਨੂੰ ਆਪਣੇ ਨਾਮ ਕੀਤਾ।
2004 ਵਿੱਚ ਅਕਾਲੀ ਦਲ ਦੇ ਪਰਮਜੀਤ ਕੌਰ ਗੁਲਸ਼ਨ ਨੇ ਬਠਿੰਡਾ ਤੋਂ ਬਾਜੀ ਮਾਰਨ 'ਚ ਕਾਮਯਾਬੀ ਹਾਸਲ ਕੀਤੀ। ਜਿਸ ਤੋਂ ਬਾਅਦ 2009 ਤੋਂ 2014 ਤੱਕ ਵੀ ਇਸ ਸੀਟ 'ਤੇ ਅਕਾਲੀ ਦਲ ਦਾ ਹੀ ਦਬਦਬਾ ਰਿਹਾ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ। 2014 ਦੀਆਂ ਲੋਕ ਸਭਾ ਚੋਣਾਂ 'ਚ ਇੱਕ ਵਾਰ ਫਿਰ ਬਠਿੰਡਾ ਵਾਸਿਆਂ ਨੇ ਅਕਾਲੀ ਦਲ 'ਤੇ ਵਿਸ਼ਵਾਸ ਜਤਾਇਆ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਇੱਕ ਵਾਰ ਫਿਰ ਐੱਮਪੀ ਬਣਾਇਆ। ਬਠਿੰਡਾ ਲੋਕ ਸਭਾ ਖ਼ੇਤਰ ਵਿੱਖ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਮੌੜ, ਭੁੱਚੋ, ਤਲਵੰਡੀ ਸਾਬੋ, ਲੰਬੀ, ਮਾਨਸਾ, ਬੁਢਲਾਡਾ, ਸਰਦੂਲਗੜ੍ਹ ਹਲਕੇ ਸ਼ਾਮਲ ਹਨ।