ਬਠਿੰਡਾ: ਸਥਾਨਕ ਸ਼ਹਿਰ ਨੂੰ ਸਮਾਜ ਸੇਵੀ ਸੰਸਥਾਵਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਬਠਿੰਡੇ ਜ਼ਿਲ੍ਹੇ ਵਿੱਚ ਲਗਭਗ ਹਰ ਇੱਕ ਪਰਿਵਾਰ 'ਚੋਂ ਇੱਕ ਬਲੱਡ ਡੋਨਰ ਜ਼ਰੂਰ ਮਿਲ ਹੀ ਜਾਂਦਾ ਹੈ। ਸ਼ਹਿਰ ਵਾਸੀ ਆਪਣੀ ਇੱਛਾ ਦੇ ਅਨੁਸਾਰ ਖੂਨ ਦਾਨ ਕਰਦੇ ਹਨ ਤਾਂ ਕਿ ਗ਼ਰੀਬ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਇਸ ਦਾ ਲਾਭ ਮਿਲ ਸਕੇ।
ਕੋਰੋਨਾ ਵਾਇਰਸ ਨੇ ਪਹਿਲਾਂ ਤੋਂ ਹੀ ਸਿਹਤ ਵਿਭਾਗ ਦੀ ਨੀਂਦ ਉਡਾ ਰੱਖੀ ਹੈ ਅਤੇ ਹੁਣ ਡੇਂਗੂ ਦੇ ਵੀ ਮਰੀਜ਼ ਆਉਣੇ ਸ਼ੁਰੂ ਹੋ ਗਏ ਹਨ। ਇਸ ਲਈ ਵਿਭਾਗ ਵੱਲੋਂ ਸਿਵਲ ਹਸਪਤਾਲ ਵਿੱਚ ਵੱਖਰਾ ਡੇਂਗੂ ਵਾਰਡ ਵੀ ਬਣਾਇਆ ਗਿਆ ਹੈ। ਇਸ ਸੈਂਟਰ ਦੇ ਵਿੱਚ ਤਿੰਨ ਡੇਂਗੂ ਪੀੜਤ ਮਰੀਜ਼ ਆਪਣਾ ਇਲਾਜ਼ ਕਰਵਾ ਰਹੇ ਹਨ।
ਡੇਂਗੂ ਤੋਂ ਪੀੜਤ ਮਰੀਜ਼ਾਂ ਦੇ ਅਕਸਰ ਪਲੇਟਲੈਟਸ ਘੱਟ ਜਾਂਦੇ ਹਨ। ਇਸ ਦੀ ਕਮੀ ਨੂੰ ਪੂਰਾ ਪਲੇਟਲੈੱਟ ਯੂਨਿਟ (ਪੀਆਰਪੀ ) ਨਾਲ ਕੀਤਾ ਜਾਂਦਾ ਹੈ। ਡੇਂਗੂ ਦੇ ਮਰੀਜ਼ ਨੂੰ ਅਕਸਰ ਟੀਆਰਪੀ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਬਠਿੰਡਾ ਦੇ ਬਲੱਡ ਬੈਂਕ ਵਿੱਚੋਂ ਟੀਆਰਪੀ ਬਲੱਡ ਯੂਨਿਟ ਦਿੱਤਾ ਜਾ ਰਿਹਾ ਹੈ ਪਰ ਐੱਸਡੀਪੀ (ਸਿੰਗਲ ਡੋਨਰ ਪਲੇਟਲੈੱਟ) ਡੇਂਗੂ ਦੇ ਕਾਰਨ ਜਦੋਂ ਪਲੇਟਲੈਟਸ ਕਾਫੀ ਘੱਟ ਜਾਂਦੇ ਹਨ ਤਾਂ ਉਸ ਵੇਲੇ ਐਸਡੀਪੀ ਮਸ਼ੀਨ ਹੀ ਕੰਮ ਆਉਂਦੀ ਹੈ ਕਿਉਂਕਿ ਇਸ ਦੇ ਨਾਲ 30 ਤੋਂ 40 ਹਜ਼ਾਰ ਪਲੇਟਲੈੱਟ ਮਰੀਜ਼ ਦੇ ਵੱਧ ਜਾਂਦੇ ਹਨ ਅਤੇ ਉਸ ਦੀ ਜ਼ਿੰਦਗੀ ਸਿਹਤਮੰਦ ਹੋ ਜਾਂਦੀ ਹੈ।
ਸੂਤਰਾਂ ਮੁਤਾਬਕ ਕਾਫ਼ੀ ਲੰਬੇ ਸਮੇਂ ਤੋਂ ਇਹ ਮਸ਼ੀਨ ਖ਼ਰਾਬ ਪਈ ਹੈ। ਇਸ ਨੂੰ ਠੀਕ ਕਰਵਾਉਣ ਵਾਸਤੇ ਕੋਈ ਅਧਿਕਾਰੀ ਦਿਲਚਸਪੀ ਨਹੀਂ ਲੈ ਰਿਹਾ ਹੈ। ਅਜਿਹੇ ਹਾਲਾਤਾਂ ਦੇ ਵਿੱਚ ਬਲੱਡ ਬੈਂਕ ਕਿਸੇ ਵੀ ਕੀਮਤ 'ਤੇ ਡ੍ਰਾਈ ਨਹੀਂ ਹੋਣ ਦਿੱਤਾ ਜਾਂਦਾ। ਸਰਕਾਰੀ ਐਸਡੀਪੀ ਮਸ਼ੀਨ ਖ਼ਰਾਬ ਹੋਣ ਕਰਕੇ ਜ਼ਰੂਰਤਮੰਦ ਮਰੀਜ਼ਾਂ ਨੂੰ ਪ੍ਰਾਈਵੇਟ ਬਲੱਡ ਬੈਂਕ ਤੋਂ ਐੱਸਡੀਪੀ ਲਏ ਜਾ ਰਹੇ ਹਨ ਜਿਸ ਦੀ ਫੀਸ ਕਰੀਬ 14000 ਰੁਪਏ ਪੈਂਦੀ ਹੈ।