ਬਠਿੰਡਾ: ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਮੁੜ ਇੱਕ ਵਾਰ ਥੈਲੇਸੀਮੀਆ ਪੀੜਤ ਇੱਕ ਹੋਰ ਬੱਚੇ ਨੂੰ ਐਚਆਈਵੀ ਪੌਜ਼ੀਟਿਵ ਖ਼ੂਨ ਚੜ੍ਹਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਜਿਵੇਂ ਹੀ ਪੀੜਤ ਬੱਚੇ ਨੂੰ ਐਚਆਈਵੀ ਪੌਜ਼ੀਟਿਵ ਖੂਨ ਚੜ੍ਹਾਏ ਜਾਣ ਦਾ ਪਤਾ ਲੱਗਿਆ ਤਾਂ ਬੱਚੇ ਦੇ ਪਰਿਵਾਰ ਦੇ ਮੈਂਬਰਾਂ ਨੇ ਸਿਵਲ ਸਰਜਨ ਨੂੰ ਇਸ ਬਾਬਤ ਸ਼ਿਕਾਇਤ ਕੀਤੀ, ਜਿਸ 'ਤੇ ਸਿਵਲ ਸਰਜਨ ਨੇ ਐਸਐਮਓ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਬਠਿੰਡਾ ਦਾ ਸਿਵਲ ਹਸਪਤਾਲ ਵਿੱਚ ਕੁੱਝ ਸਮਾਂ ਪਹਿਲਾਂ ਵੀ ਇੱਕ 8 ਸਾਲਾ ਥੈਲੇਸੀਮੀਆ ਪੀੜਤ ਬੱਚੀ ਨੂੰ ਐਚਆਈਵੀ ਪੌਜ਼ੀਟਿਵ ਖੂਨ ਚੜ੍ਹਾਉਣ ਕਾਰਨ ਸੁਰਖ਼ੀਆਂ ਵਿੱਚ ਆਇਆ ਸੀ, ਪਰੰਤੂ ਲਗਦਾ ਹੈ ਕਿ ਪ੍ਰਸ਼ਾਸਨ ਨੇ ਉਸ ਘਟਨਾ ਤੋਂ ਕੋਈ ਸਬਕ ਨਹੀਂ ਲਿਆ ਹੈ।
ਜਾਣਕਾਰੀ ਦਿੰਦਿਆਂ ਐਸਐਮਓ ਡਾ. ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਭਾਗੂ ਵਾਸੀ ਇੱਕ ਗਿਆਰਾਂ ਸਾਲ ਦਾ ਬੱਚਾ ਜੋ ਕਿ ਪਿਛਲੇ ਸੱਤ ਸਾਲਾਂ ਤੋਂ ਥੈਲੇਸੀਮੀਆ ਨਾਲ ਪੀੜਤ ਹੈ, ਦੇ ਪਰਿਵਾਰ ਨੇ ਸਿਵਲ ਸਰਜਨ ਨੂੰ ਲਿਖਤੀ ਰੂਪ ਵਿੱਚ ਬੱਚੇ ਨੂੰ ਐਚਆਈਵੀ ਪੌਜ਼ੀਟਿਵ ਖੂਨ ਚੜ੍ਹਾਏ ਜਾਣ ਦੀ ਸ਼ਿਕਾਇਤ ਕੀਤੀ ਹੈ। ਮਾਮਲੇ ਦੀ ਜਾਂਚ ਉਨ੍ਹਾਂ ਨੂੰ ਸੌਂਪੀ ਗਈ ਹੈ, ਜਿਸ 'ਤੇ ਜਾਂਚ ਲਈ ਚਾਰ ਡਾਕਟਰਾਂ ਡਾ. ਗੁਰਮੇਲ ਸਿੰਘ, ਡਾ. ਮਨਿੰਦਰ, ਡਾ. ਅਰੁਣ ਅਤੇ ਡਾ. ਸਤੀਸ਼ ਜਿੰਦਲ ਦੀ ਅਗਵਾਈ ਹੇਠ ਦੀ ਟੀਮ ਬਣਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਬੱਚੇ ਨੂੰ ਐਚਆਈਵੀ ਪੌਜ਼ੀਟਿਵ ਬਲੱਡ ਲੱਗਿਆ ਹੈ ਤਾਂ ਇਹ ਇਕ ਗੰਭੀਰ ਮਾਮਲਾ ਹੈ, ਜਿਸ ਨੇ ਵੀ ਇਹ ਗਲਤੀ ਕੀਤੀ ਹੈ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਟੀਮ ਜੋ ਉਨ੍ਹਾਂ ਨੂੰ ਰਿਪੋਰਟ ਸੌਂਪੇਗੀ ਉਹ ਅੱਗੇ ਸਿਵਲ ਸਰਜਨ ਨੂੰ ਸੌਂਪ ਦੇਣਗੇ। ਉਪਰੰਤ ਸਿਵਲ ਸਰਜਨ ਪੰਜਾਬ ਸਰਕਾਰ ਨੂੰ ਰਿਪੋਰਟ ਭੇਜਣਗੇ, ਜਿਸ 'ਤੇ ਸਰਕਾਰ ਫ਼ੈਸਲੇ ਲਵੇਗੀ।
'ਬਠਿੰਡਾ ਸਿਵਲ ਹਸਪਤਾਲ 'ਚ ਬੱਚੇ ਦਾ ਇਲਾਜ ਕਰਵਾ ਕੇ ਪਛਤਾ ਰਹੇ ਹਾਂ'
ਉਧਰ, ਜਦੋਂ ਐਚਆਈਵੀ ਖੂਨ ਚੜ੍ਹਾਏ ਜਾਣ ਬਾਰੇ ਜਦੋਂ ਬੱਚੇ ਦੀ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਸਦਾ ਰੋ-ਰੋ ਕੇ ਬੁਰਾ ਹਾਲ ਸੀ। ਬੱਚੇ ਦੀ ਮਾਤਾ ਨੇ ਕਿਹਾ ਕਿ ਇਹ ਚਾਰ ਕੁੜੀਆਂ ਤੋਂ ਬਾਅਦ ਉਸਦਾ ਇਕਲੌਤਾ ਮੁੰਡਾ ਹੈ, ਜੋ ਥੈਲਾਸੀਮੀਆਂ ਤੋਂ ਪੀੜਤ ਹੈ। ਉਸਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ। ਉਸ ਨੇ ਕਿਹਾ ਕਿ ਇਥੇ ਇਲਾਜ ਕਰਵਾਉਣ ਦਾ ਉਨ੍ਹਾਂ ਨੂੰ ਬਹੁਤ ਪਛਤਾਵਾ ਹੋ ਰਿਹਾ ਹੈ। ਬੱਚੇ ਦੀ ਮਾਤਾ ਨੇ ਕਥਿਤ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸਦੇ ਨਾਲ ਹੀ ਸ਼ਹਿਰ ਦੀ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਵੀ ਇਸ ਮਾਮਲੇ ਵਿੱਚ ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਉਚ ਅਧਿਕਾਰੀਆਂ ਨੂੰ ਦਖਲ ਅੰਦਾਜ਼ੀ ਕਰਕੇ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਅਪੀਲ ਕੀਤੀ ਹੈ।