ਬਠਿੰਡਾ: ਸ਼ਹਿਰ ਦੀ ਸਰਹਿੰਦ ਨਹਿਰ ਵਿੱਚ ਬੀਤੇ ਸੋਮਵਾਰ ਇੱਕ ਲੜਕਾ ਜੋ ਕਿ ਆਪਣੇ ਸਾਥੀਆਂ ਨਾਲ ਨਹਾਉਣ ਲਈ ਨਹਿਰ ਵਿੱਚ ਗਿਆ ਸੀ। ਦੇਰ ਸ਼ਾਮ ਥਾਣਾ ਕੈਨਾਲ ਪੁਲਿਸ ਨੂੰ ਬੱਚੇ ਦੇ ਡੁੱਬਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਐੱਨਡੀਆਰਐੱਫ ਤੋਂ ਸਹਾਇਤਾ ਮੰਗੀ। ਸੂਚਨਾ ਮਿਲਦੇ ਹੀ ਕੁਝ ਮਿੰਟਾਂ ਦੇ ਬਾਅਦ ਐਨਡੀਆਰਐਫ ਦੇ ਜਵਾਨ ਨੇ ਸਰਹਿੰਦ ਨਹਿਰ ਵਿੱਚੋਂ ਬੱਚੇ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਐੱਨਡੀਆਰ ਵੱਲੋਂ ਰੈਸਕਿਊ ਆਪ੍ਰੇਸ਼ਨ ਕਈ ਘੰਟਿਆਂ ਤੱਕ ਚਲਾਇਆ ਗਿਆ ਪਰ ਫਿਲਹਾਲ ਸਫ਼ਲਤਾ ਹੱਥ ਨਹੀਂ ਲੱਗੀ। ਦੂਜੇ ਪਾਸੇ ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਏਐੱਸਆਈ ਸੁੱਖ ਰਾਮ ਨੇ ਦੱਸਿਆ ਕਿ ਪਾਣੀ ਵਿੱਚ ਡੁੱਬਣ ਵਾਲੇ ਬੱਚੇ ਦੀ ਸ਼ਨਾਖਤ ਸੰਨੀ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 8 ਸਾਲ ਦੱਸੀ ਜਾ ਰਹੀ ਹੈ।
ਸੰਨੀ ਦੇ ਪਿਤਾ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਗੁਰੂ ਹਰਸਹਾਏ ਦੇ ਰਹਿਣ ਵਾਲੇ ਹਨ। ਕੰਮ ਕਰਨ ਲਈ ਉਹ ਆਪਣੇ ਪਰਿਵਾਰ ਸਣੇ ਬਠਿੰਡਾ ਵਿੱਚ ਸ਼ਿਫਟ ਹੋ ਗਏ ਸਨ।
ਉਨ੍ਹਾਂ ਕਿਹਾ ਕਿ ਸੋਮਵਾਰ ਦੁਪਹਿਰ ਕਰੀਬ 2 ਵਜੇ ਸੰਨੀ ਆਪਣੇ ਸਾਥੀਆਂ ਨਾਲ ਨਹਾਉਣ ਦੀ ਖਾਤਰ ਸਰਹਿੰਦ ਨਹਿਰ 'ਤੇ ਗਿਆ ਸੀ। ਉਨ੍ਹਾਂ ਦੱਸਿਆ ਕਿ ਸੰਨੀ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ, ਜਿਸ ਕਰਕੇ ਉਹ ਡੁੱਬ ਗਿਆ।