ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਬੰਟੀ ਰੋਮਾਣਾ ਅਤੇ ਬਠਿੰਡਾ ਸ਼ਹਿਰੀ ਵਿਧਾਨ ਸਭਾ ਸੀਟ ਦੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਬਠਿੰਡਾ 'ਚ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਬੰਟੀ ਰੋਮਾਣਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਅਕਾਲੀ ਦਲ ਦੇ ਵਰਕਰਾਂ ਅਤੇ ਕੌਂਸਲਰਾਂ ਨੂੰ ਜ਼ਬਰਦਸਤੀ ਕਾਂਗਰਸ 'ਚ ਸ਼ਾਮਲ ਕਰ ਰਹੇ ਹਨ।
ਬੰਟੀ ਰੋਮਾਣਾ ਨੇ ਕਿਹਾ ਕਿ ਇਸ ਸਬੰਧ 'ਚ ਉਹ ਪੰਜਾਬ ਚੋਣ ਕਮਿਸ਼ਨ ਅਤੇ ਬਠਿੰਡਾ ਦੇ ਐੱਸਐੱਸਪੀ ਨੂੰ ਸਿਵਲ ਲਾਈਨ ਥਾਣਾ ਐੱਸਐੱਚਓ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਦੀ ਸ਼ਿਕਾਇਤ ਕਰਨਗੇ ਕਿਉਂਕਿ ਉਹ ਕਾਂਗਰਸ ਲਈ ਕੰਮ ਕਰ ਰਹੇ ਹਨ ।
ਦੂਜੇ ਪਾਸੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੁੱਧਵਾਰ ਨੂੰ ਅਕਾਲੀ ਦਲ ਦਾ ਇੱਕ ਕੌਂਸਲਰ ਕਾਂਗਰਸ 'ਚ ਸ਼ਾਮਲ ਹੋ ਗਿਆ ਹੈ। ਉਸਨੂੰ ਦਬਾਅ ਪਾ ਕੇ ਜ਼ਬਰਦਸਤੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਨੇ ਡਰਾ-ਧਮਕਾ ਕੇ ਕਾਂਗਰਸ 'ਚ ਸ਼ਾਮਲ ਕੀਤਾ ਹੈ।
ਪ੍ਰੈੱਸ ਕਾਨਫ਼ਰੰਸ 'ਚ ਪੁੱਜੀ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਕੌਂਸਲਰ ਗੁਰਮੀਤ ਕੌਰ ਨੇ ਕਿਹਾ, "ਮੈਨੂੰ ਵੀ ਕਾਂਗਰਸ ਲੀਡਰਾਂ ਵੱਲੋਂ ਫੋਨ 'ਤੇ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਮੈਨੂੰ ਡਰਾਇਆ ਗਿਆ ਹੈ। ਕਾਂਗਰਸ ਦੇ ਲੀਡਰਾਂ ਨੇ ਕਿਹਾ ਕਿ ਉਹ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਜਾਵੇ ਪਰ ਮੈਂ ਅਕਾਲੀ ਦਲ ਨੂੰ ਕਦੇ ਨਹੀਂ ਛੱਡਾਂਗੀ ਅਤੇ ਅਸੀਂ ਇਨ੍ਹਾਂ ਦੇ ਡਰਾਵੇ ਤੋਂ ਨਹੀਂ ਡਰਦੇ।"