ਬਠਿੰਡਾ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਦਾ ਐਲਾਨ ਹੋਣ ਤੋਂ ਬਾਅਦ ਸਿਆਸੀ ਧਿਰਾਂ ਵੱਲੋਂ ਹੁਣ ਆਪਣੇ ਵੋਟ ਬੈਂਕ ਨੂੰ ਵਧਾਉਣ ਲਈ ਡੇਰਿਆਂ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਡੇਰਾ ਸੱਚਾ ਸੌਦਾ ਸਿਰਸਾ ਦੇ ਪੰਜਾਬ ਵਿਚਲੇ ਹੈੱਡਕੁਆਟਰ ਡੇਰਾ ਸਲਾਬਤਪੁਰਾ (Headquarters Dera Salabatpura) ਵਿਖੇ ਅੱਜ ਸ਼ਾਹ ਸਤਨਾਮ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਡੇਰਾ ਸੱਚਾ ਸੌਦਾ ਦੇ ਪੰਜਾਬ ਭਰ ਚੋਂ ਕਰੀਬ ਡੇਢ ਲੱਖ ਪੈਰੋਕਾਰ ਪਹੁੰਚੇ। ਬਰਨਾਲਾ ਬਾਜਾਖਾਨਾ ਹਾਈਵੇ ਪੂਰੀ ਤਰ੍ਹਾਂ ਜ਼ਾਮ ਹੋਣ ਤੋਂ ਬਾਅਦ ਵੀ ਲੋਕ ਪੈਦਲ ਮਾਰਚ ਕਰਦੇ ਨਜ਼ਰ ਆਏ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਸਿਆਸੀ ਲੋਕ ਵੀ ਇਸ ਸਮਾਗਮ ਵਿੱਚ ਪਹੁੰਚੇ।
'ਸਿਆਸਤਦਾਨਾਂ ਮੀਡੀਆ ਤੋਂ ਦੂਰੀ ਬਣਾਈ'
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਦਿੜ੍ਹਬਾ ਤੋਂ ਉਮੀਦਵਾਰ ਗੁਲਜ਼ਾਰ ਮੂਨਕ ਮੀਡੀਆ ਤੋਂ ਬਚਦੇ ਨਜ਼ਰ ਆਏ ਜਦੋਂ ਕਿ ਸੰਗਰੂਰ ਤੋਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਮੀਡੀਆ ਤੋਂ ਦੂਰੀ ਬਣਾਈ ਰੱਖੀ (Maintained distance from the media)। ਇਸ ਤੋਂ ਇਲਾਵਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਵੀ ਸਮਾਗਮ ਵਿੱਚ ਪਹੁੰਚੇ। ਸਾਬਕਾ ਕੈਬਨਿਟ ਮੰਤਰੀ ਹਰਮੰਦਰ ਸਿੰਘ ਜੱਸੀ ਅਤੇ ਮੌੜ ਮੰਡੀ ਤੋਂ ਟਿਕਟ ਦੀ ਦਾਅਵੇਦਾਰ ਮੰਜੂ ਬਾਲਾ ਵੀ ਇਸ ਸਮਾਗਮ ਵਿਚ ਪਹੁੰਚੇ ਹੋਏ ਸਨ। ਇਸ ਮੌਕੇ ਕਈ ਸਿਆਸੀ ਲੋਕਾਂ ਵੱਲੋਂ ਡੇਰੇ ਦੇ ਵੋਟ ਬੈਂਕ ਨੂੰ ਲੈ ਕੇ ਪਹੁੰਚ ਕਰਨ ਸੰਬੰਧੀ ਕੋਈ ਗੱਲ ਕਰਨ ਤੋਂ ਇਨਕਾਰ ਕਰਦੇ ਰਹੇ।
'ਵੋਟਾਂ ਸਬੰਧੀ ਗੱਲ ਕਰਨ ਨਹੀਂ ਆਏ'
ਇਸ ਧਾਰਮਿਕ ਸਮਾਗਮ ਵਿੱਚ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ (Senior BJP leader Harjeet Singh Grewal) ਨੇ ਕਿਹਾ ਕਿ ਡੇਰਾ ਸੱਚਾ ਸੌਦਾ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ, ਇਨ੍ਹਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਉਹ ਲੋਕ ਵੀ ਆਏ ਹਨ, ਜਿਨ੍ਹਾਂ ਨੇ ਇਨ੍ਹਾਂ ਦੇ ਕੰਮਾਂ 'ਤੇ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਕਿ ਉਹ ਡੇਰਾ ਸਿਰਸਾ ਦੇ ਪੈਰੋਕਾਰਾਂ ਨਾਲ ਕੋਈ ਸਿਆਸੀ ਗੱਲ ਨਹੀਂ ਕਰਨਗੇ ਅਤੇ ਨਾ ਹੀ ਵੋਟਾਂ ਸਬੰਧੀ ਗੱਲ ਕਰਨ ਆਏ ਹਨ। ਉਨ੍ਹਾਂ ਦੀ ਪਾਰਟੀ ਦਾ ਉਦੇਸ਼ ਹੈ 'ਸਭ ਕਾ ਸਾਥ ਸਬ ਕਾ ਵਿਕਾਸ' ਉਹ ਇਸੇ ਲੜੀ ਤਹਿਤ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਭਗਵੰਤ ਮਾਨ ਲੜਣਗੇ ਵਿਧਾਨ ਸਭਾ ਚੋਣ, ਬਣ ਸਕਦੇ ਹਨ 'ਆਪ' ਦਾ ਮੁੱਖ ਮੰਤਰੀ ਚਿਹਰਾ !
'ਡੇਰੇ ਦੇ ਹਰ ਸਮਾਗਮ 'ਚ ਕਰਦੇ ਸ਼ਿਰਕਤ'
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਜਿਆਣੀ ਨੇ ਕਿਹਾ ਕਿ ਇਹ ਸੰਸਥਾ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ। ਜਦੋਂ ਪੰਜਾਬ ਵਿੱਚ ਨਸ਼ਿਆਂ ਦਾ ਬੋਲਬਾਲਾ ਸੀ ਤਾਂ ਇਸ ਸੰਸਥਾ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਅਤੇ ਵੱਡੀ ਗਿਣਤੀ ਵਿੱਚ ਪੰਜਾਬ ਵਿੱਚ ਅਜਿਹੇ ਕਾਰਜ ਸ਼ੁਰੂ ਕੀਤੇ ਜਿਸ ਨਾਲ ਮਨੁੱਖਤਾ ਦਾ ਭਲਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਉਹ ਡੇਰੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਇਸੇ ਲਈ ਉਹ ਇਸ ਦੇ ਹਰ ਸਮਾਗਮ ਵਿੱਚ ਸ਼ਿਰਕਤ ਕਰਦੇ ਹਨ।
'ਸੰਸਥਾ ਦੇ ਕਾਰਜਾਂ ਤੋਂ ਪ੍ਰਭਾਵਿਤ'
ਕਾਂਗਰਸ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਉਹ ਇਸ ਸੰਸਥਾ ਦੇ ਕਾਰਜਾਂ ਤੋਂ ਪ੍ਰਭਾਵਿਤ ਹਨ ਅਤੇ ਸਮੇਂ-ਸਮੇਂ ਸਿਰ ਇਸ ਸੰਸਥਾ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਨੇ ਡੇਰਾ ਪ੍ਰੇਮੀਆਂ ਨਾਲ ਹੋਈ ਵਧੀਕੀ ਸਬੰਧੀ ਬੋਲਣ ਤੋਂ ਜਵਾਬ ਦੇ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਜੋ ਵੀ ਸਲੂਕ ਹੈ ਉਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਭੁਗਤਣੇ ਪੈਣਗੇ।
'ਕਿਸੇ ਸਿਆਸੀ ਪਾਰਟੀ ਨੇ ਨਹੀਂ ਕੀਤੀ ਪਹੁੰਚ'
ਡੇਰਾ ਸਿਰਸਾ ਦੇ ਪਨਤਾਲੀ ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਆਪਣੇ ਗੁਰੂ ਸ਼ਾਹ ਸਤਨਾਮ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਸਮਾਗਮ ਵਿੱਚ ਸਾਰੇ ਪੰਜਾਬ ਦੀ ਸੰਗਤ ਭਾਗ ਲੈ ਰਹੀ ਹੈ ਅਤੇ ਸੰਗਤ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਡੇਰਾ ਸਿਰਸਾ ਵੱਲੋਂ ਮਨੁੱਖਤਾ ਦੀ ਭਲਾਈ ਸਬੰਧੀ ਕਾਰਜ ਕੀਤੇ ਜਾਂਦੇ ਰਹੇ ਹਨ ਅਤੇ ਅੱਜ ਵੀ ਇਸੇ ਲੜੀ ਤਹਿਤ ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਕੱਪੜੇ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਕਾਰਜ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਿਆਸੀ ਵਿੰਗ ਵੱਲੋਂ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ।
ਇਹ ਵੀ ਪੜ੍ਹੋ : COVID-19 Review Meeting: ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਦੀ ਕੀਤੀ ਸਮੀਖਿਆ