ਬਠਿੰਡਾ: ਸਪੈਸ਼ਲ ਟਾਸਕ ਫੋਰਸ ਨੇ ਨਾਕਾਬੰਦੀ ਦੌਰਾਨ ਇੱਕ ਏਐਸਆਈ ਨੂੰ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਆਰੋਪੀ ਏਐਸਆਈ ਦਾ ਦੂਜਾ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ। ਆਰੋਪੀਆਂ ਕੋਲੋਂ 40 ਗਰਾਮ ਚਿੱਟਾ ਬਰਾਮਦ ਕੀਤਾ ਗਿਆ। ਐਸਟੀਐਫ ਨੇ ਦੋਵਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸਪੈਸ਼ਲ ਟਾਸਕ ਫੋਰਸ ਦੇ ਡੀਐਸਪੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਅਬੋਹਰ, ਮਲੋਟ ਵਿੱਚ ਬੀਤੇ ਦਿਨ ਗਸ਼ਤ ਕਰ ਰਹੀ ਸੀ। ਉਨ੍ਹਾਂ ਦੀ ਟੀਮ ਅਬੋਹਰ ਬਾਈਪਾਸ 'ਤੇ ਗੱਡੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਸ਼ੱਕ ਦੇ ਆਧਾਰ 'ਤੇ ਇੱਕ ਕਾਰ ਰੋਕੀ। ਮੌਕੇ 'ਤੇ ਕਾਰ ਚਲਾ ਰਿਹਾ ਵਿਅਕਤੀ ਭੱਜ ਗਿਆ, ਜਦਕਿ ਉਸ ਦੇ ਨਾਲ ਬੈਠੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਆਰੋਪੀ ਦੀ ਪਹਿਚਾਣ ਏਐਸਆਈ ਬੇਅੰਤ ਸਿੰਘ ਦੇ ਤੌਰ 'ਤੇ ਹੋਈ ਹੈ ਜੋ ਕਿ ਪੁਲਿਸ ਲਾਈਨ ਮੁਕਤਸਰ ਵਿੱਚ ਤਾਇਨਾਤ ਸੀ ਅਤੇ ਕੋਰੋਨਾ ਕਰਕੇ ਉਸ ਦੀ ਡਿਊਟੀ ਬਾਦਲ ਲੱਗੀ ਹੋਈ ਸੀ।
ਡੀਐੱਸਪੀ ਨੇ ਦੱਸਿਆ ਕਿ ਮੌਕੇ ਤੋਂ ਜਿਹੜਾ ਭੱਜਿਆ, ਉਸ ਦੀ ਪਹਿਚਾਣ ਰਜਿੰਦਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਤੌਰ 'ਤੇ ਹੋਈ ਹੈ, ਜਦਕਿ ਬੇਅੰਤ ਸਿੰਘ ਮਲੋਟ ਦਾ ਰਹਿਣ ਵਾਲਾ ਹੈ। ਆਰੋਪੀਆਂ ਕੋਲੋਂ 40 ਗਰਾਮ ਚਿੱਟਾ ਬਰਾਮਦ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਏਐਸਆਈ ਨਸ਼ਾ ਤਸਕਰਾਂ ਨੂੰ ਸ਼ਹਿ ਦਿੰਦਾ ਸੀ ਤਾਂ ਕਿ ਰਸਤੇ ਵਿੱਚ ਕੋਈ ਪੁਲਿਸ ਕਰਮਚਾਰੀ ਉਨ੍ਹਾਂ ਦੀ ਕਾਰ ਨੂੰ ਨਾ ਰੋਕੇ। ਡੀਐੱਸਪੀ ਨੇ ਦੱਸਿਆ ਕਿ ਆਰੋਪੀ ਬੇਅੰਤ ਸਿੰਘ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਪੁਲਿਸ ਉਸ ਤੋਂ ਪੁੱਛ ਪੜਤਾਲ ਕਰੇਗੀ।
ਇਹ ਵੀ ਪੜੋ: ਲੱਦਾਖ ਦੀ ਗਲਵਾਨ ਘਾਟੀ ਦਾ ਕਸ਼ਮੀਰੀ ਨਾਂਅ ਕਿਉਂ ਰੱਖਿਆ ਗਿਆ?
ਪੁਲਿਸ ਦੇ ਅਨੁਸਾਰ ਏਐੱਸਆਈ ਬੇਅੰਤ ਸਿੰਘ ਚਿੱਟੇ ਦਾ ਨਸ਼ਾ ਪਿਛਲੇ ਕਰੀਬ ਦੋ ਸਾਲ ਤੋਂ ਕਰ ਰਿਹਾ ਸੀ। ਦੋਨੋਂ ਆਰੋਪੀ ਚਿੱਟਾ ਪੀਂਦੇ ਸਨ ਅਤੇ ਅੱਗੇ ਵੇਚਣ ਦਾ ਵੀ ਕੰਮ ਕਰ ਰਹੇ ਸਨ। ਆਰੋਪੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੌਕੇ ਤੋਂ ਫ਼ਰਾਰ ਰਜਿੰਦਰ ਸਿੰਘ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।