ਬਠਿੰਡਾ: ਪੰਜਾਬ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦਾ ਮੁੱਦਾ ਭੱਖ ਗਿਆ ਹੈ ਜਿਸ ਨੂੰ ਲੈ ਕੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸੂਬਾ ਸਰਕਾਰ ਖਿਲਾਫ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਵੀਰਵਾਰ ਨੂੰ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਸਾੜਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਆਮ ਆਦਮੀ ਪਾਰਟੀ ਤੋਂ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਕੀਤੀ।
ਪ੍ਰੋਫੈਸਰ ਬਲਜਿੰਦਰ ਕੌਰ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਦਸਵੀਂ ਜਮਾਤ ਦੇ ਓਪਨ ਰਿਜ਼ਲਟ ਨੂੰ ਵੀ ਅੱਜ ਤੱਕ ਨਹੀਂ ਜਾਰੀ ਕਰਵਾਇਆ ਹੈ। ਇਸ ਦੇ ਨਾਲ ਹੀ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਵਜ਼ੀਫੇ ਵਿੱਚ ਇਜ਼ਾਫਾ ਕਰਨ ਦਾ ਵੀ ਵਾਅਦਾ ਕੀਤਾ ਗਿਆ ਸੀ ਪਰ ਇੱਥੇ ਸਕਾਲਰਸ਼ਿਪ ਤਾਂ ਨਹੀਂ ਮਿਲੀ ਸਗੋਂ ਉਨ੍ਹਾਂ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਹੀ 64 ਕਰੋੜ ਰੁਪਏ ਦਾ ਗਰੀਬ ਬੱਚਿਆਂ ਦਾ ਹੱਕ ਗਬਨ ਕਰ ਗਏ ਹਨ।
ਪ੍ਰੋ. ਬਲਜਿੰਦਰ ਕੌਰ ਨੇ ਕੈਪਟਨ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਧਾਨ ਸਭਾ ਵਿੱਚ ਦਾਅਵਾ ਕੀਤਾ ਸੀ ਕਿ ਉਹ ਅਕਾਲੀ ਦਲ ਸਰਕਾਰ ਸਮੇਂ ਹੋਇਆ 12,00 ਕਰੋੜ ਦਾ ਸਕਾਲਰਸ਼ਿਪ ਘੁਟਾਲਾ ਰਿਕਵਰ ਕਰਨਗੇ ਪਰ ਸਾਧੂ ਸਿੰਘ ਧਰਮਸੋਤ ਨੇ ਗਰੀਬਾਂ ਦੀ ਸਕਾਲਰਸ਼ਿਪ ਤਾਂ ਕੀ ਲੈ ਕੇ ਆਉਣੀ ਸੀ ਬਲਕਿ ਖੁਦ ਹੀ ਇਸ ਸਕਾਲਰਸ਼ਿਪ ਦੇ ਘੁਟਾਲੇ ਵਿੱਚ ਸ਼ਾਮਲ ਹੋ ਗਏ।
ਬਲਜਿੰਦਰ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਵੱਲੋਂ ਨਕਾਰੀ ਹੋਈ ਸਰਕਾਰ ਸਾਬਿਤ ਹੋ ਰਹੀ ਹੈ ਅਤੇ ਸਰਕਾਰ ਮੁਲਾਜ਼ਮ ਅਤੇ ਵਿਦਿਆਰਥੀਆਂ ਦੇ ਹੱਕ ਖੋਹਣ ਵਾਲੀ ਸਰਕਾਰ ਵੀ ਸਾਬਤ ਹੋਈ ਹੈ। ਕੋਰੋਨਾ ਕਾਲ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਇਕੱਠ ਨੂੰ ਲੈ ਕੇ ਬਲਜਿੰਦਰ ਕੌਰ ਨੇ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਬਣ ਕੇ ਅੱਜ ਸਰਕਾਰ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਆਏ ਹਨ ਅਤੇ ਜੇਕਰ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਮੁਕੱਦਮੇ ਦਰਜ ਕੀਤੇ ਜਾਂਦੇ ਹਨ ਤਾਂ ਉਹ ਇਸ ਲਈ ਵੀ ਤਿਆਰ ਹਨ।