ਬਠਿੰਡਾ: ਸਰਕਾਰੀ ਹਸਪਤਾਲ ਵਿਚੋਂ ਚਾਰ ਦਿਨ ਪਹਿਲਾਂ ਪਰਵਾਸੀ ਔਰਤ ਵੱਲੋਂ ਜੰਮੇ ਬੱਚੇ ਨੂੰ ਚੋਰੀ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਹਸਪਤਾਲ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਉੱਤੇ ਪਹੁੰਚੀ ਪੁਲਿਸ ਟੀਮ ਵੱਲੋਂ ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ ਅਤੇ ਹਸਪਤਾਲ ਦੇ ਆਲੇ ਦੁਆਲੇ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਲੈ ਲਈ ਗਈ ਹੈ।
ਹਸਪਤਾਲ ਵਿੱਚ ਇਲਾਜ ਅਧੀਨ ਪ੍ਰਵਾਸੀ ਔਰਤ ਬਬਲੀ ਵਾਸੀ ਬਠਿੰਡਾ ਨੇ ਦੱਸਿਆ ਕੇ ਉਸ ਕੋਲ ਇੱਕ ਔਰਤ ਜਿਸ ਨੇ ਨਰਸਾਂ ਵਾਲਾ ਕੋਟ ਪਹਿਨਿਆ ਹੋਇਆ ਸੀ, ਉਹ ਆਈ ਅਤੇ ਬੱਚੇ ਨੂੰ ਇੰਜੈਕਸ਼ਨ ਲਗਾਉਣ ਲਈ ਲਿਜਾਣ ਦੀ ਗੱਲ ਕਰਨ ਲੱਗੀ। ਇਸ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰ ਲੜਕੀ ਵੱਲੋਂ ਨਵਜੰਮੇ ਬੱਚੇ ਨੂੰ ਉਸ ਨਾਲ ਭੇਜਿਆ ਗਿਆ, ਪਰ ਉਸ ਔਰਤ ਵੱਲੋਂ ਬੱਚਾ ਰਾਸਤੇ ਵਿੱਚ ਹੀ ਫੜ ਕੇ ਰਿਸ਼ਤੇਦਾਰ ਨੂੰ ਆਧਾਰ ਕਾਰਡ ਲੈ ਕੇ ਆਉਣ ਲਈ ਮੋੜ ਦਿੱਤਾ ਅਤੇ ਉਹ ਔਰਤਾਂ ਬੱਚਾ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਈ।
ਉਧਰ ਜੱਚਾ-ਬੱਚਾ ਵਾਰਡ ਦੇ ਡਾਕਟਰ ਸਤੀਸ਼ ਚੰਦਰ ਨੇ ਦੱਸਿਆ ਕਿ ਜਿਵੇਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਬਕਾਇਦਾ ਸੁਰੱਖਿਆ ਦੇ ਪ੍ਰਬੰਧ ਹਨ ਅਤੇ ਥਾਂ-ਥਾਂ ਸੀਸੀਟੀਵੀ ਕੈਮਰੇ ਲਗਵਾਏ ਗਏ ਹਨ, ਪਰ ਚੌਂਕੀਦਾਰ ਨਹੀਂ ਹੈ।
ਜੇਕਰ ਜੱਚਾ ਬੱਚਾ ਦਾ ਪਤਾ ਲੈਣ ਆਉਣ ਵਾਲੇ ਰਿਸ਼ਤੇਦਾਰਾਂ ਦੇ ਸਵਾਗਤੀ ਕਾਰਡ ਚੈੱਕ ਕੀਤੇ ਜਾਂਦੇ ਹਨ, ਤਾਂ ਉਨ੍ਹਾਂ ਵੱਲੋਂ ਇਤਰਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰੀ ਹੋਏ ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਜਾਰੀ ਹੈ।
ਓਧਰ ਮੌਕੇ 'ਤੇ ਪਹੁੰਚੇ ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਘਟਨਾ ਦਾ ਪਤਾ ਚਲਦੇ ਹੀ ਮੌਕੇ ਉੱਤੇ ਪੁਲਿਸ ਪਹੁੰਚ ਗਈ ਸੀ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਵੱਲੋਂ ਪੀੜਤਾ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਬੱਚੇ ਨੂੰ ਲੱਭਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸੜਕ ਹਾਦਸੇ ਵਿੱਚ ਮਹਿਲਾ ਦੀ ਦਰਦਨਾਕ ਮੌਤ, ਤਿੰਨ ਹੋਰ ਗੰਭੀਰ ਜ਼ਖਮੀ