ਬਰਨਾਲਾ: ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲ ਕੇ ਦੋ ਰੋਜ਼ਾ ਰੁਜ਼ਗਾਰ ਮੇਲਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਲਗਾਇਆ ਗਿਆ। ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਪਹੁੰਚ ਕੇ ਨੌਕਰੀ ਲੈਣ ਲਈ ਅਰਜ਼ੀਆਂ ਦਿੱਤੀਆਂ। ਮੇਲੇ ਵਿੱਚ ਵੱਖ-ਵੱਖ ਨਿੱਜੀ ਕੰਪਨੀਆਂ ਵੱਲੋਂ ਮੇਲੇ ਵਿੱਚ ਪਹੁੰਚੇ ਨੌਜਵਾਨਾਂ ਦੀ ਨੌਕਰੀ ਲਈ ਇੰਟਰਵਿਊ ਲਈ ਗਈ ਪਰ ਰੁਜ਼ਗਾਰ ਮੇਲੇ ਵਿੱਚ ਪਹੁੰਚੇ ਬਹੁਤੇ ਨੌਜਵਾਨਾਂ ਨੇ ਇਸ ਨੂੰ ਪੰਜਾਬ ਸਰਕਾਰ ਦੀ ਸ਼ੋਸ਼ੇਬਾਜ਼ੀ ਹੀ ਦੱਸਿਆ।
ਇਸ ਮੌਕੇ "ਈਟੀਵੀ ਭਾਰਤ" ਨਾਲ ਗੱਲਬਾਤ ਕਰਦੇ ਹੋਏ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ, ਪਰ ਇਨ੍ਹਾਂ ਮੇਲਿਆਂ ਦਾ ਨੌਜਵਾਨਾਂ ਨੂੰ ਬਹੁਤਾ ਲਾਭ ਨਹੀਂ ਮਿਲ ਰਿਹਾ।
ਬੇਰੁਜ਼ਗਾਰ ਨੌਜਵਾਨਾਂ ਨੇ ਕਿਹਾ ਕਿ ਇਸ ਦਾ ਕਾਰਨ ਹੈ ਕਿ ਸਰਕਾਰ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਪ੍ਰਾਈਵੇਟ ਕੰਪਨੀਆਂ ਤੋਂ ਹੀ ਨੌਕਰੀ ਦਿਵਾ ਰਹੀ ਹੈ, ਜਦੋਂ ਕਿ ਇੱਕ ਵੀ ਸਰਕਾਰੀ ਵਿਭਾਗ ਦੀ ਨੌਕਰੀ ਨਹੀਂ ਦਿੱਤੀ ਜਾ ਰਹੀ।
ਬੇਰੁਜ਼ਗਾਰ ਨੌਜਵਾਨਾਂ ਨੇ ਕਿਹਾ ਕਿ ਰੁਜ਼ਗਾਰ ਮੇਲਿਆਂ ਵਿੱਚ ਯੋਗਤਾ ਦੇ ਆਧਾਰ 'ਤੇ ਵੀ ਨੌਕਰੀ ਨਹੀਂ ਮਿਲ ਰਹੀ। ਕੁਝ ਨੌਜਵਾਨਾਂ ਨੇ ਦੱਸਿਆ ਕਿ ਉਹ ਕਈ ਰੁਜ਼ਗਾਰ ਮੇਲਿਆ ਵਿੱਚ ਆ ਚੁੱਕੇ ਹਨ ਅਤੇ ਕੰਪਨੀਆਂ ਵੱਲੋਂ ਉਨ੍ਹਾਂ ਦੀ ਚੋਣ ਵੀ ਕਰ ਲਈ ਜਾਂਦੀ ਹੈ ਪਰ ਬਾਅਦ ਵਿੱਚ ਨੌਕਰੀ 'ਤੇ ਬੁਲਾਇਆ ਹੀ ਨਹੀਂ ਜਾਂਦਾ।
ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਉੱਚ ਵਿੱਦਿਆ ਹਾਸਲ ਕਰ ਚੁੱਕੇ ਨੌਜਵਾਨਾਂ ਨੂੰ ਸਿਰਫ਼ 5 ਤੋਂ 7 ਹਜ਼ਾਰ ਰੁਪਏ ਮਹੀਨਾ ਤਨਖਾਹ 'ਤੇ ਨੌਕਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਰੁਜ਼ਗਾਰ ਮੇਲਿਆਂ ਦੇ ਬਹਾਨੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀ ਹੈ।