ਬਰਨਾਲਾ: ਨਿਹਾਲ ਸਿੰਘ ਵਾਲਾ ਹਲਕੇ ਤੋਂ ਯੂਥ ਅਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਸਨਮੁੱਖ ਭਾਰਤੀ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੀ ਸੀਟ ਉੱਤੇ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕੀਤੀ ਹੈ।
ਸਨਮੁੱਖ ਭਾਰਤੀ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਉਹ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਹਨ ਕਿ ਸੰਗਰੂਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਕੋਲ ਉਮੀਦਵਾਰਾਂ ਦੀ ਕਮੀ ਨਹੀਂ ਹੈ ਤੇ ਉਹ ਸੰਗਰੂਰ ਸੀਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਜੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਸੰਗਰੂਰ ਤੋਂ ਚੋਣ ਨਹੀਂ ਲੜਨਾ ਚਾਹੁੰਦੇ ਤਾਂ ਉਹ ਇਸ ਸੀਟ ਤੋਂ ਚੋਣ ਲੜਨ ਲਈ ਤਿਆਰ ਹਨ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਜੇ ਪਾਰਟੀ ਉਨ੍ਹਾਂ ਨੂੰ ਸੰਗਰੂਰ ਤੋਂ ਚੋਣ ਲੜਨ ਦਾ ਮੌਕਾ ਦਿੰਦੀ ਹੈ ਤਾਂ ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।