ਬਰਨਾਲਾ: ਜ਼ਿਲ੍ਹੇ ਦੇ ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਚੂੰਘਾਂ ਵਿਖੇ ਇੱਕ ਵਿਅਕਤੀ ਵਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ ਗਈ। ਜਿਸ ਸਬੰਧੀ ਥਾਣਾ ਟੱਲੇਵਾਲ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਅਤੇ ਪਤਨੀ ਵਿਰੁੱਧ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ਼ ਕਰ ਲਿਆ ਹੈ।
ਇਹ ਵੀ ਪੜੋ: Prem Rashifal: ਅੱਜ ਕਈ ਰਾਸ਼ੀਆਂ ਦੀ ਖਤਮ ਹੋਵੇਗੀ ਲਵ ਪਾਰਟਨਰ ਦੀ ਤਲਾਸ਼, ਹੋਵੇਗੀ ਰੋਮਾਂਟਿਕ ਦਿਨ ਦੀ ਸ਼ੁਰੂਆਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਪੁਲੀਸ ਅਧਿਕਾਰੀ ਦਲਵਿੰਦਰ ਸਿੰਘ ਏਐਸਆਈ ਨੇ ਦੱਸਿਆ ਕਿ ਪਿੰਡ ਚੂੰਘਾਂ ਨਿਵਾਸੀ ਬਹਾਦਰ ਸਿੰਘ ਨੇ ਬਿਆਨ ਦਰਜ਼ ਕਰਵਾਏ ਹਨ ਕਿ ਉਸਦਾ ਪੁੱਤਰ ਹਰਦੀਪ ਸਿੰਘ (32) ਛੋਟੀ ਖੇਤੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ। ਉਸਦਾ ਆਪਣੀ ਘਰਵਾਲੀ ਨਾਲ ਕਲੇਸ਼ ਕਾਰਨ ਤਲਾਕ ਦਾ ਕੇਸ ਵੀ ਚੱਲ ਰਿਹਾ ਸੀ। ਇਸੇ ਕਲੇਸ਼ ਦੇ ਚੱਲਦਿਆਂ ਕਰੀਬ 3 ਸਾਲ ਬਾਅਦ ਉਸਦੀ ਪਤਨੀ 6 ਮਹੀਨੇ ਪਹਿਲਾਂ ਮੁੜ ਸਹੁਰਾ ਘਰ ਆਈ ਸੀ।
ਉਹਨਾਂ ਦੱਸਿਆ ਕਿ ਉਥੇ ਨਾਲ ਹੀ ਹਰਦੀਪ ਸਿੰਘ ਦਾ ਵੱਡਾ ਭਰਾ ਉਸਦੇ ਹਿੱਸੇ ਆਉਂਦੀ ਜ਼ਮੀਨ ਤੋਂ ਡੇਢ ਕਨਾਲ ਵੱਧ ਹਿੱਸੇ ਤੇ ਕਬਜ਼ਾ ਕਰਕੇ ਖੇਤੀ ਕਰਦਾ ਆ ਰਿਹਾ ਸੀ। ਜਿਸਤੋਂ ਕਬਜ਼ਾ ਛੁਡਾਉਣ ਸਬੰਧੀ ਮ੍ਰਿਤਕ ਦੀ ਪਤਨੀ ਆਪਣੇ ਪਤੀ ਨੂੰ ਤੰਗ ਕਰਦੀ ਰਹਿੰਦੀ ਸੀ। ਆਪਣੇ ਭਰਾ ਵਲੋਂ ਕਬਜ਼ਾਈ ਜ਼ਮੀਨ ਅਤੇ ਘਰਵਾਲੀ ਦੇ ਘਰੇਲੂ ਕੇਸ਼ ਤੋਂ ਦੁਖੀ ਹੋ ਕੇ ਮ੍ਰਿਤਕ ਨੇ ਆਪਣੇ ਘਰ ਸਪਰੇਅ ਪੀ ਲਈ। ਜਿਸਨੂੰ ਇਲਾਜ਼ ਲਈ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਬਹਾਦਰ ਸਿੰਘ ਦੇ ਬਿਆਨ ਦਰਜ਼ ਕਰਕੇ ਮ੍ਰਿਤਕ ਹਰਦੀਪ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਅਤੇ ਭਰਾ ਜਸਪ੍ਰੀਤ ਸਿੰਘ ਵਿਰੁੱਧ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਧਾਰਾ 306 ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜੋ: 'ਪੰਜਾਬ ਮੰਡੀ ਬੋਰਡ' ਵੱਲੋਂ GIS ਨਾਲ ਸੜਕਾਂ ਮਾਪਣਾ ਸਰਕਾਰ ਦੀ ਵੱਡੀ ਪ੍ਰਾਪਤੀ'