ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਪੰਜਾਬ ਸਮੇਤ ਦੇਸ਼ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਪਰ ਇਸੇ ਸੰਘਰਸ਼ ਦੌਰਾਨ ਧਰਨੇ ਵਿੱਚ ਸ਼ਾਮਲ ਹੋ ਰਹੀਆਂ ਬੀਬੀਆਂ ਨੂੰ ਫਿਲਮੀ ਅਦਾਕਾਰਾ ਕੰਗਨਾ ਰਣੌਤ ਨੇ ਦਿਹਾੜੀਦਾਰ ਔਰਤਾਂ ਕਿਹਾ। ਜਿਸ ਕਾਰਨ ਸੰਘਰਸ਼ ਕਰ ਰਹੇ ਕਿਸਾਨਾਂ ਸਮੇਤ ਪੰਜਾਬ ਦੇ ਫ਼ਿਲਮੀ ਜਗਤ ਨਾਲ ਜੁੜੇ ਕਲਾਕਾਰਾਂ ਅਤੇ ਗਾਇਕਾਂ ਵਿੱਚ ਕੰਗਨਾ ਰਣੌਤ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਅਦਾਕਾਰਾ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ। ਬੀਜੇਪੀ ਆਗੂਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਗਾਈ ਬੈਠੀਆਂ ਬੀਬੀਆਂ ਨੇ ਵੀ ਕੰਗਨਾ ਰਣੌਤ ਨੂੰ ਵੰਗਾਰ ਪਾਈ ਹੈ।
ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਚਾਉਣ ਲਈ ਖੇਤੀ ਦੇ ਨਾਂਅ 'ਤੇ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਾਂ। ਧਰਨਾਕਾਰੀ ਬੀਬੀਆਂ ਨੇ ਫ਼ਿਲਮੀ ਅਦਾਕਾਰਾਂ ਨੂੰ ਵੰਗਾਰ ਪਾਉਂਦੇ ਹੋਏ ਕਿਹਾ ਕਿ ਕੰਗਨਾ ਰਣੌਤ ਉਨ੍ਹਾਂ ਕੋਲ ਧਰਨੇ ਵਿੱਚ ਹੀ ਆ ਕੇ ਬੈਠ ਜਾਵੇ, ਉਹ ਉਸ ਨੂੰ ਦਿਹਾੜੀ ਦੇ ਦੇਣਗੀਆਂ। ਸਾਡੇ ਪਿਓ ਦਾਦਿਆਂ ਵੱਲੋਂ ਸਾਲਾਂ ਬੱਧੀ ਮਿਹਨਤ ਕਰਕੇ ਬਣਾਈਆਂ ਜ਼ਮੀਨਾਂ ਜਾਇਦਾਦਾਂ ਨੂੰ ਬਚਾਉਣ ਲਈ ਅਸੀਂ ਘਰਾਂ ਤੋਂ ਬਾਹਰ ਨਿਕਲੇ ਹੋਏ ਹਾਂ ਅਤੇ ਜਿੰਨਾ ਸਮਾਂ ਇਹ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਘਰਾਂ ਵਿੱਚ ਬੈਠਣ ਵਾਲੇ ਨਹੀਂ ਹਾਂ।