ਬਰਨਾਲਾ: ਭਦੌੜ ਨੇੜਲੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੀ ਇੱਕ ਔਰਤ ਨੇ ਆਪਣੇ ਸਹੁਰੇ ਪਰਿਵਾਰ 'ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਪੀੜਤ ਕਰਮਜੀਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਵਿੱਚ ਸੀ।
ਪੀੜਤ ਕਰਮਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਪਤੀ ਰਾਜੂ ਸਿੰਘ ਨਾਲ ਰਹਿ ਰਹੀ ਹੈ। ਉਨ੍ਹਾਂ ਦੱਸਿਆ ਕਿ 2 ਸਾਲ ਪਹਿਲਾਂ ਉਨ੍ਹਾਂ ਦੇ ਜੇਠ ਨੇ ਉਨ੍ਹਾਂ ਤੋਂ ਇੱਟਾਂ ਉਧਾਰ ਲਈਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਵਾਪਸ ਕਰਨਾ ਸੀ। ਹੁਣ ਜਦੋਂ ਉਹ ਆਪਣੇ ਜੇਠ ਤੋਂ ਉਨ੍ਹਾਂ ਇੱਟਾਂ ਦੀ ਮੰਗ ਰਹੇ ਹਨ ਤਾਂ ਉਹ ਵਾਪਸ ਨਹੀਂ ਕਰ ਰਹੇ ਤੇ ਟਾਲ-ਮਟੌਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਸਬੰਧ ਵਿੱਚ ਉਨ੍ਹਾਂ ਤੋਂ ਕਾਰਨਾਂ ਦਾ ਪੁੱਛਿਆ ਤਾਂ ਉਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਕੁੱਟਮਾਰ ਵਿੱਚ ਉਸ ਦਾ ਜੇਠ, ਸਹੁਰਾ, ਸੱਸ, ਜੇਠਾਨੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਉਸ ਦਾ ਪਤੀ ਉਸ ਨੂੰ ਸਮੇਂ ਸਿਰ ਬਚਾਉਣ ਲਈ ਨਾ ਆਉਂਦਾ ਤਾਂ ਉਨ੍ਹਾਂ ਸਾਰਿਆਂ ਨੇ ਉਸ ਨੂੰ ਜਾਨੋਂ ਮਾਰ ਦੇਣਾ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਇਸ ਮਾਮਲੇ 'ਤੇ ਰਜ਼ਾਮੰਦੀ ਕਰਨ ਨੂੰ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨਾਲ ਪਹਿਲੀ ਵਾਰ ਨਹੀਂ ਹੋਇਆ, ਸਗੋਂ ਤੀਜੀ ਵਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਰਜ਼ਾਮੰਦੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਏਐਸਆਈ ਟੇਕ ਚੰਦ ਨੇ ਕਿਹਾ ਕਿ ਉਨ੍ਹਾਂ ਨੂੰ 4 ਸਤੰਬਰ ਨੂੰ ਕਰਮਜੀਤ ਨਾਂਅ ਦੀ ਔਰਤ ਨੇ ਆਪਣੇ ਸਹੁਰੇ ਪਰਿਵਾਰ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਇਹ ਕਰਮਜੀਤ ਕੌਰ ਦਾ ਘਰੇਲੂ ਮਾਮਲਾ ਹੈ ਜਿਸ ਵਿੱਚ ਉਸ ਨੇ ਆਪਣੇ ਸਹੁਰਾ ਪਰਿਵਾਰ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਇਸ ਕੁੱਟਮਾਰ ਵਿੱਚ ਕਰਮਜੀਤ ਨੂੰ ਕੁਝ ਖਾਸ ਸੱਟਾਂ ਨਹੀਂ ਲਗੀਆਂ, ਇਸ ਕਰਕੇ ਉਹ ਰਜ਼ਾਮੰਦੀ ਕਰਨ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਵਿਚਕਾਰ ਰਜ਼ਾਮੰਦੀ ਨਹੀਂ ਹੁੰਦੀ ਤਾਂ ਇਸ ਮਾਮਲੇ ਉੱਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।