ਬਰਨਾਲਾ: ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਹੜਤਾਲ (Strike) ‘ਤੇ ਚੱਲ ਰਹੇ ਐੱਨ.ਐੱਚ.ਐੱਮ. ਮੁਲਾਜ਼ਮਾਂ (NHM Employees) ਨੇ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਆਰ-ਪਾਰ ਦਾ ਸੰਘਰਸ਼ ਵਿੱਢ ਦਿੱਤਾ ਹੈ। ਕੋਰੋਨਾ (Corona) ਮਹਾਂਮਾਰੀ ਦੌਰਾਨ ਐਮਰਜੈਂਸੀ (Emergency) ਸੇਵਾਵਾਂ ਮੁਹੱਈਆ ਕਰਨ ਵਾਲੇ ਇਨ੍ਹਾਂ ਐੱਨ.ਐੱਚ.ਐੱਮ. ਮੁਲਾਜ਼ਮਾਂ (NHM Employees) ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਿਲੇ ਸਾਰੇ ਸਨਮਾਨ ਅਤੇ ਪ੍ਰਸੰਸਾ ਪੱਤਰ ਇਨ੍ਹਾਂ ਮੁਲਾਜ਼ਮਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਬ ਰਾਜ ਨੂੰ ਵਾਪਸ ਮੋੜ ਦਿੱਤੇ।
ਪੰਜਾਬ ਸਰਕਾਰ (Government of Punjab) ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇੱਕ ਰੋਸ ਮੁਜ਼ਾਹਰੇ ਦੇ ਰੂਪ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ (Deputy Commissioner's Office) ਪਹੁੰਚੇ ਇਨ੍ਹਾਂ ਕੱਚੇ ਸਿਹਤ ਮੁਲਾਜ਼ਮਾਂ ਨੇ ਕਿਹਾ ਕਿ ਸਾਨੂੰ ਸਿਰਫ ਫੋਕੇ ਪ੍ਰਸੰਸਾਂ ਪੱਤਰ ਹੀ ਨਹੀਂ, ਬਲਕਿ ਸਥਾਈ ਰੁਜ਼ਗਾਰ ਵੀ ਚਾਹੀਦਾ ਹੈ, ਜੋ ਸਾਡਾ ਸੰਵਿਧਾਨਿਕ ਹੱਕ ਹੈ। ਸਿਹਤ ਮੁਲਾਜ਼ਮਾਂ ਨੇ ਕਿਹਾ ਕਿ ਕੋਰੋਨਾ (Corona) ਮਹਾਂਮਾਰੀ ਦੌਰਾਨ ਉਨ੍ਹਾਂ ਆਪਣੀ ਅਤੇ ਪਰਿਵਾਰਾਂ ਦੀ ਜਾਨ ਖ਼ਤਰੇ ਵਿੱਚ ਪਾ ਕੇ ਡਿਊਟੀਆਂ ਕੀਤੀਆਂ, ਪਰ ਹੁਣ ਪੰਜਾਬ ਸਰਕਾਰ (Government of Punjab) ਉਨ੍ਹਾਂ ਨੂੰ ਪੱਕੇ ਨਾ ਕਰਕੇ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੀੜੀਆਂ ਨੀਤੀਆਂ ਕਾਰਨ ਹੀ ਅੱਜ ਸਾਰੇ ਨੌਜਵਾਨ ਪੰਜਾਬ ਦੀਆਂ ਸੜਕਾਂ ‘ਤੇ ਰੁਲ ਰਹੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਐੱਨ.ਐੱਚ.ਐੱਮ. ਯੂਨੀਅਨ (NHM Union) ਦੇ ਜ਼ਿਲ੍ਹਾ ਆਗੂਆਂ ਨੇ ਕਿਹਾ ਕਿ ਯੋਗਤਾ ਅਨੁਸਾਰ ਰੁਜ਼ਗਾਰ ਅਤੇ ਰੁਜ਼ਗਾਰ ਅਨੁਸਾਰ ਮਿਹਨਤਾਨਾ ਸਾਡਾ ਸੰਵਿਧਾਨਿਕ ਹੱਕ ਹੈ ਅਤੇ ਅਸਾਮੀਆਂ ਅਨੁਸਾਰ ਯੋਗਤਾ ਪੂਰੀ ਹੋਣ ਦੇ ਬਾਵਜ਼ੂਦ ਵੀ ਪੰਜਾਬ ਦੀ ਚੰਨੀ ਸਰਕਾਰ ਨਾਮਾਤਰ ਤਨਖਾਹਾ ਤਹਿਤ ਸਾਡਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਮੁਲਾਜ਼ਮ ਵਿਰੋਧੀ ਹਨ ਤੇ ਕਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀਆਂ ਹਨ।
ਇਸ ਮੌਕੇ ਐੱਨ.ਐੱਚ.ਐੱਮ. ਮੁਲਾਜ਼ਮਾਂ ਨੇ ਕਿਹਾ ਕਿ ਦੇਸ਼ ਵਿੱਚ ਕੁੱਝ ਸੂਬੇ ਐੱਨ.ਐੱਚ.ਐੱਮ. ਮੁਲਾਜ਼ਮਾਂ (NHM Employees) ਨੂੰ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਤਨਖਾਹਾਂ ਅਤੇ ਭੱਤੇ ਦੇ ਰਹੇ ਹਨ, ਪਰ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਕਹਾਉਣ ਵਾਲੀ ਚੰਨੀ ਸਰਕਾਰ ਅਜਿਹਾ ਨਾ ਕਰਕੇ ਆਮ ਆਦਮੀਆਂ ਦੇ ਬੱਚਿਆਂ ਨੂੰ ਰੁਲਣ ਲਈ ਮਜ਼ਬੂਰ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਬਗੈਰ ਕਿਸੇ ਪ੍ਰੋਵੇਸ਼ਨ ਪੀਰੀਅਡ ਦੇ ਪੂਰੀਆਂ ਤਨਖਾਹਾਂ ਤਹਿਤ ਪੱਕਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਕੱਚੇ ਕਾਮਿਆਂ ਨੂੰ ਪੱਕੇ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਬਿਗੁਲ ਵਜਾਉਣਗੇ। ਇਸ ਮੌਕੇ ਐੱਨ.ਐੱਚ.ਐੱਮ. ਮੁਲਾਜ਼ਮਾਂ ਵੱਲੋਂ ਪਠਾਨਕੋਟ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦਾ ਵਿਰੋਧ ਕਰ ਰਹੀਆਂ ਐੱਨ.ਐੱਚ.ਐੱਮ. ਮੁਲਾਜ਼ਮਾਂ (NHM Employees) ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ:ਤੜਕੇ ਤੜਕੇ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ’ਤੇ ਬੋਲਿਆ ਧਾਵਾ