ਬਰਨਾਲਾ: ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਜਿਸ ਦੇ ਚੱਲਦੇ ਦਾਣਾ ਮੰਡੀਆਂ ਵਿੱਚ ਕਣਕ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ। ਜਿਸ ਦੇ ਚਲਦੇ ਅੱਜ ਬਰਨਾਲਾ ਦੀ ਦਾਣਾ ਮੰਡੀ ਵਿੱਚ ਪਹਿਲੇ ਦਿਨ ਕਣਕ ਦੀ ਆਮਦ ਸ਼ੁਰੂ ਹੋਈ ਹੈ। ਕਿਸਾਨ ਆਪਣੀ ਫਸਲ ਵੱਢ ਕੇ ਮੰਡੀਆਂ ਵਿੱਚ ਲਿਆਉਣ ਲੱਗੇ ਹਨ। ਉੱਥੇ ਹੀ ਅਜੇ ਪ੍ਰਬੰਧਾਂ ਨੂੰ ਲੈ ਕੇ ਜ਼ਰੂਰ ਘਾਟ ਦੇਖਣ ਨੂੰ ਮਿਲ ਰਹੀ ਹੈ।
ਉੱਥੇ ਹੀ ਇਸ ਵਾਰ ਗਰਮੀ ਜ਼ਿਆਦਾ ਪੈਣ ਕਾਰਨ ਕਣਕ ਦੀ ਫ਼ਸਲ ਸਮੇਂ ਨਾਲੋਂ ਪਹਿਲਾਂ ਵੱਢਣੀ ਪੈ ਰਹੀ ਹੈ, ਜਿਸ ਕਰਕੇ ਫ਼ਸਲ ਦੇ ਝਾੜ ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਦਕਿ ਪ੍ਰਸ਼ਾਸਨ ਵਲੋਂ ਮੰਡੀ ਅਫ਼ਸਰ ਨੇ ਮੁਕੰਮਲ ਪ੍ਰਬੰਧਾਂ ਦਾ ਦਾਅਵਾ ਕਰਦੇ ਹੋਏ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਮੰਡੀ ਵਿੱਚ ਫ਼ਸਲ ਲੈ ਕੇ ਪੁੱਜੇ ਕਿਸਾਨ ਨੇ ਦੱਸਿਆ ਕਿ ਫ਼ਸਲ ਪੱਕ ਕੇ ਤਿਆਰ ਹੋ ਗਈ ਹੈ, ਜਿਸ ਕਰਕੇ ਅੱਜ ਉਨ੍ਹਾਂ ਵੱਲੋਂ ਆਪਣੀ ਫਸਲ ਵੱਢਣੀ ਸ਼ੁਰੂ ਕੀਤੀ ਗਈ ਅਤੇ ਮੰਡੀ ਵਿੱਚ ਲਿਆਂਦੀ ਗਈ ਹੈ, ਉਨ੍ਹਾਂ ਦੱਸਿਆ ਕਿ ਗਰਮੀ ਜ਼ਿਆਦਾ ਪੈਣ ਕਾਰਨ ਪੰਜ ਤੋਂ ਲੈ ਕੇ ਦਸ ਮਣ ਤੱਕ ਕਣਕ ਦਾ ਝਾੜ ਨਿਕਲ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਲਈ ਸ਼ਾਮ ਪਾਣੀ ਦੇ ਨਾਲ ਨਾਲ ਬਾਰਦਾਨੇ ਅਤੇ ਪੇਮੇਂਟ ਦੇ ਚੰਗੇ ਪ੍ਰਬੰਧ ਕੀਤੇ ਜਾਣ।
ਉੱਥੇ ਇਸ ਮੌਕੇ ਆੜ੍ਹਤੀਆਂ ਵੱਲੋਂ ਰੇਸ਼ਮ ਖਾਨ ਨੇ ਕਿਹਾ ਕਿ ਅੱਜ ਬਰਨਾਲਾ ਦੀ ਦਾਣਾ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਹੋਈ ਹੈ। ਪ੍ਰਸ਼ਾਸਨ ਵੱਲੋਂ ਫ਼ਸਲ ਦੀ ਬੋਲੀ ਲਗਾ ਕੇ ਖਰੀਦ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਬਾਰਦਾਨੇ ਸਮੇਤ ਹੋਰ ਸਾਰੇ ਤਰ੍ਹਾਂ ਦੇ ਪ੍ਰਬੰਧ ਪੂਰੇ ਕੀਤੇ ਜਾਣ।
ਇਹ ਵੀ ਪੜ੍ਹੋ: ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਮੁੱਖ ਮੰਤਰੀ ਮਾਨ ਵਲੋਂ ਹੁਕਮ ਜਾਰੀ, ਕਿਹਾ...