ਬਰਨਾਲਾ: ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲਗਾਤਾਰ ਵੱਡੇ ਐਲਾਨ ਕੀਤੇ ਜਾ ਰਹੇ ਹਨ। ਉੱਥੇ ਹੀ ਪਿੰਡਾਂ ਵਿੱਚ ਬਿਜਲੀ ਨੂੰ ਲੈ ਕੇ ਵੀ ਕਈ ਐਲਾਨ ਕੀਤੇ ਗਏ ਸਨ। ਪਰ ਦੂਜੇ ਪਾਸੇ ਪਿੰਡਾਂ ਵਿੱਚ ਸਮਾਰਟ ਮੀਟਰ ( digital meters) ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਬਰਨਾਲਾ ਦੇ ਪਿੰਡ ਤਾਜੋਕੇ ਵਿਖੇ ਲਗਾਏ ਗਏ ਸਮਾਰਟ ਮੀਟਰਾਂ ਦਾ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਪਿੰਡ ਦੇ ਵਾਟਰ ਵਰਕਸ ਟੈਂਕੀ 'ਤੇ ਡਿਜੀਟਲ ਬਿਜਲੀ ਮੀਟਰ ਬਿਜਲੀ ਵਿਭਾਗ ਵੱਲੋਂ ਲਗਾ ਦਿੱਤਾ ਗਿਆ। ਜਿਸਦਾ ਪਿੰਡ ਦੇ ਲੋਕਾਂ ਵੱਲੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਇਹ ਸਮਾਰਟ ਮੀਟਰ ਬਿਜਲੀ ਵਿਭਾਗ ਨੂੰ ਹਟਾਉਣਾ ਪਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਤਾਜੋਕੇ ਵਿਖੇ ਲੱਗੀ ਵਾਟਰ ਵਰਕਸ ਦੇ ਪਾਣੀ ਦੇ ਪਿੰਡ ਦੇ ਤਿੰਨ ਹਜ਼ਾਰ ਲੋਕ ਲਾਹਾ ਲੈਂਦੇ ਹਨ। ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਬਿਜਲੀ ਬੋਰਡ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਪਿੰਡਾਂ ਵਿੱਚ ਬਿਜਲੀ ਬਿੱਲ ਮੁਆਫ ਕਰ ਦੇਵੇਗੀ। ਕਿਸਾਨਾਂ ਪਿੰਡ ਵਾਸੀਆਂ ਨੂੰ ਬਿਜਲੀ ਦੀ ਸਮੱਸਿਆ ਤੋਂ ਰਾਹਤ ਦੇ ਦਿੱਤੀ ਜਾਵੇਗੀ। ਪਰ ਦੂਜੇ ਪਾਸੇ ਭਾਰਤ ਬੰਦ ਸਮੇਂ ਧਰਨੇ 'ਤੇ ਬੈਠੇ ਹੋਣ ਦੇ ਚੱਲਦਿਆਂ ਬਿਜਲੀ ਬੋਰਡ ਵੱਲੋਂ ਚੁੱਪ ਚਪੀਤੇ ਕਈ ਪਿੰਡਾਂ ਵਿੱਚ ਡਿਜੀਟਲ ਮੀਟਰ ਲਾ ਕੇ ਸ਼ਰ੍ਹੇਆਮ ਧੱਕਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਪਿੰਡ ਵਾਟਰ ਵਰਕਸ ਤੇ ਕੋਈ ਬਿਜਲੀ ਬੋਰਡ ਦਾ ਅਧਿਕਾਰੀ ਮੀਟਰ ਲਾਉਣ ਆਉਂਦਾ ਹੈ ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਜਿਸਦੀ ਜ਼ਿੰਮੇਵਾਰੀ ਬਿਜਲੀ ਬੋਰਡ ਅਤੇ ਸਰਕਾਰ ਦੀ ਹੋਵੇਗੀ।
ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਬਿਜਲੀ ਬੋਰਡ ਵੱਲੋਂ ਜੋ ਨਵੇਂ ਮੀਟਰ ਪਿੰਡਾਂ ਦੇ ਵਾਟਰ ਵਰਕਸ ‘ਤੇ ਲਾਏ ਜਾ ਰਹੇ ਹਨ। ਉਨ੍ਹਾਂ ਵਿੱਚ ਸਿਮ ਕਾਰਡ, ਕੈਮਰਾ ਅਤੇ ਸੈਂਸਰ ਤੋਂ ਇਲਾਵਾ ਆਨਲਾਈਨ ਸਿਸਟਮ ਲੱਗਾ ਹੈ। ਵੱਧ ਬਿਜਲੀ ਲੋੜ ਅਤੇ ਆਨਲਾਈਨ ਰੀਡਿੰਗ ਸਿਸਟਮ ਲੱਗਾ ਹੈ। ਜਿਸ ਦੇ ਵੱਡੇ ਬਿਜਲੀ ਬਿੱਲ ਪਿੰਡ ਵਾਸੀਆਂ ਨੂੰ ਦੇਣੇ ਪੈਣਗੇ।
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸੈਂਟਰ ਸਰਕਾਰ ਵੱਲੋਂ ਐਲਾਨੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਆਰਥਿਕ ਹਾਲਾਤ ਬਹੁਤ ਮਾੜੇ ਹਨ। ਦੂਜੇ ਪਾਸੇ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਅਤੇ ਬਿਜਲੀ ਬੋਰਡ ਵੱਲੋਂ ਨਵੇਂ ਹੁਕਮਾਂ ਰਾਹੀਂ ਪਿੰਡਾਂ ਦੇ ਵਾਟਰ ਵਰਕਸਾਂ ਤੇ ਲੱਗ ਰਹੇ ਬਿਜਲੀ ਦੇ ਡਿਜੀਟਲ ਬਿਜਲੀ ਮੀਟਰਾਂ ਰਾਹੀਂ ਲੋਕਾਂ ਦਾ ਆਰਥਿਕ ਨੁਕਸਾਨ ਹੋਵੇਗਾ।
ਪਿੰਡ ਵਾਸੀਆਂ ਨੇ ਇਕੱਠਿਆਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਦੁਬਾਰਾ ਬਿਜਲੀ ਬੋਰਡ ਵਾਲੇ ਉਨ੍ਹਾਂ ਦੇ ਪਿੰਡਾਂ ਦੇ ਵਾਟਰ ਵਰਕਸਾਂ ਤੇ ਬਿਜਲੀ ਮੀਟਰ ਲੱਗੇ ਤਾਂ ਸਖ਼ਤ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਬਿਜਲੀ ਬੋਰਡ ਨੇ ਲਾਏ ਹੋਏ ਮੀਟਰ ਨੂੰ ਪੁੱਟਣਾ ਹੀ ਮੁਨਾਸਿਬ ਸਮਝਿਆ। ਜਿੱਥੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਲੱਗਿਆ ਮੀਟਰ ਪੱਟ ਲਿਆ. ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਪਰ ਇਸ ਮਾਮਲੇ ਤੇ ਕਿਸੇ ਵੀ ਬਿਜਲੀ ਅਧਿਕਾਰੀ ਨੇ ਆਪਣਾ ਪ੍ਰਤੀਕਰਮ ਨਹੀਂ ਦਿੱਤਾ।