ਬਰਨਾਲਾ: ਪੰਜਾਬ ਵਿੱਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਭਰ ਵਿੱਚ ਜਿੱਥੇ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਉਥੇ ਬਰਨਾਲਾ ਦੇ ਕਸਬਾ ਧਨੌਲਾ ਦੀ ਇਹ ਨੌਜਵਾਨਾਂ ਦੀ ਨਸ਼ੇ ਦੀ ਹਾਲਤ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਹਨ ਅਤੇ ਉਹਨਾਂ ਕੋਲ ਇੱਕ ਸਰਿੰਜ ਵੀ ਦਿਖਾਈ ਦੇ ਰਹੀ ਹੈ। ਦੋਵੇਂ ਨੌਜਵਾਨ ਬਰਨਾਲਾ ਤੋਂ ਬਾਹਰ ਦੇ ਦੱਸੇ ਜਾ ਰਹੇ ਹਨ,ਜਿਸ 'ਚ ਸਥਾਨਕ ਲੋਕਾਂ ਅਨੁਸਾਰ ਇਹ ਧਨੌਲਾ ਦੇ ਇੱਕ ਪੈਟਰੋਲ ਪੰਪ ਦੇ ਨੇੜੇ ਦੀ ਵੀਡੀਓ ਹੈ।
ਨਸ਼ੇ 'ਚ ਧੁੱਤ ਨੌਜਵਾਨਾਂ ਦੀ ਵੀਡੀਓ ਵਾਇਰਲ: ਸਥਾਨਕ ਲੋਕਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਧਨੌਲਾ ਦੇ ਬਰਨਾਲਾ ਰੋਡ ਉਪਰ ਸਥਿਤ ਇੱਕ ਪੈਟਰੋਲ ਪੰਪ ਦੀ ਹੈ। ਕਿਸੇ ਬਾਹਰੀ ਇਲਾਕੇ ਦੇ ਦੋ ਨੌਜਵਾਨ ਪੈਟਰੋਲ ਪੰਪ ਉਪਰ ਆਏ ਸਨ, ਉਹਨਾਂ ਵਲੋਂ ਚਿੱਟੇ ਦਾ ਨਸ਼ਾ ਕੀਤਾ ਹੋਇਆ ਸੀ। ਇਹਨਾਂ ਦੀ ਗੱਡੀ ਵਿੱਚੋਂ ਸਰਿੰਜ ਵੀ ਮਿਲੀ ਹੈ। ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਬੇਹੋਸ਼ ਸਨ, ਜਿਹਨਾਂ ਉਪਰ ਪਾਣੀ ਪਾ ਕੇ ਸੁਰਤ ਵਿੱਚ ਲਿਆਂਦਾ ਗਿਆ। ਜਿਸ ਤੋਂ ਬਾਅਦ ਇਹ ਦੋਵੇਂ ਨੌਜਵਾਨ ਉਥੋਂ ਚਲੇ ਗਏ।
ਨਸ਼ਾ ਬੰਦ ਕਰਨ ਵਿੱਚ ਹਰ ਸਰਕਾਰ ਫ਼ੇਲ੍ਹ: ਉਹਨਾਂ ਕਿਹਾ ਕਿ ਘਟਨਾ ਸਥਾਨ ਉਪਰ ਨਾ ਤਾਂ ਕੋਈ ਪੁਲਿਸ ਪਹੁੰਚੀ ਅਤੇ ਨਾ ਹੀ ਕੋਈ ਕਾਰਵਾਈ ਹੋ ਸਕੀ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਨਸ਼ੇ ਦੇ ਹਾਲਾਤ ਬਹੁਤ ਮਾੜੇ ਹਨ। ਸਰਕਾਰਾਂ ਅਤੇ ਪੁਲਿਸ ਕਹਿ ਰਹੀ ਹੈ ਕਿ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦਿੱਤਾ ਹੈ ਪਰ ਹਾਲਾਤ ਦਿਨੋਂ ਦਿਨ ਹੋਰ ਮਾੜੇ ਹੁੰਦੇ ਜਾ ਰਹੇ ਹਨ। ਨਸ਼ਾ ਖ਼ਤਮ ਹੋਣ ਦੀ ਥਾਂ ਹੋਰ ਵੱਧ ਰਿਹਾ ਹੈ। ਰੋਜ਼ਾਨਾ ਨਸ਼ੇ ਨਾਲ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਕੋਈ ਵੀ ਸਰਕਾਰ ਨਸ਼ਾ ਬੰਦ ਕਰਨ ਵਿੱਚ ਫ਼ੇਲ੍ਹ ਰਹੀ ਹੈ।
- Protest By Truck Union: ਕੀਰਤਪੁਰ ਸਾਹਿਬ ਟਰੱਕ ਯੂਨੀਅਨ ਦਾ ਧਰਨਾ ਜਾਰੀ, ਆਪਰੇਟਰਾਂ ਨੂੰ ਝੱਲਣੇ ਪੈ ਰਹੇ ਹਨ ਆਰਥਿਕ ਨੁਕਸਾਨ
- Punjab Congress Meeting: ਪੰਜਾਬ ਕਾਂਗਰਸ ਦਾ ਮਹਾਂਮੰਥਨ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ, ਇੰਡੀਆ ਅਲਾਇੰਸ 'ਤੇ ਵੀ ਚਰਚਾ ਸੰਭਵ
- Neeraj Chopra Statue Javelin: ਵਿਸ਼ਵ ਚੈਂਪੀਅਨ ਨੀਰਜ ਚੋਪੜਾ ਦੇ ਬੁੱਤ ਤੋਂ ਜੈਵਲਿਨ ਗਾਇਬ, ਹੱਥ 'ਚ ਫੜਾਇਆ ਡੰਡਾ
ਲੁੱਟਾਂ ਖੋਹਾਂ ਤੇ ਹਾਦਸਿਆਂ ਦਾ ਕਾਰਨ ਨਸ਼ੇੜੀ: ਸਥਾਨਕ ਲੋਕਾਂ ਨੇ ਕਿਹਾ ਕਿ ਚੰਗੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ, ਜਦਕਿ ਇੱਥੇ ਬੇਰੁਜ਼ਗਾਰ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਸਰਕਾਰ ਨੂੰ ਨਸ਼ੇ ਦੇ ਮਾਮਲੇ ਵਿੱਚ ਸਖ਼ਤੀ ਵਰਤਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਨਸ਼ੇ ਨਾਲ ਇਕੱਲੀਆਂ ਮੌਤਾ ਹੀ ਨਹੀਂ ਹੋ ਰਹੀਆਂ, ਸਗੋਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਨਸ਼ੇ ਕਰਕੇ ਨੌਜਵਾਨ ਜਿੱਥੇ ਵਹੀਕਲ ਚਲਾ ਕੇ ਸੜਕਾਂ ਉਪਰ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਉਥੇ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜ਼ਾਮ ਦੇ ਰਹੇ ਹਨ। ਉਹਨਾਂ ਕਿਹਾ ਕਿ ਅੱਜ ਕਲ੍ਹ ਕੁੜੀਆਂ ਵੀ ਨਸ਼ੇੜੀਆਂ ਨਾਲ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਿੱਚ ਮੱਦਦ ਕਰ ਰਹੀਆਂ ਹਨ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ: ਇਸ ਮੌਕੇ 'ਤੇ ਗੱਲਬਾਤ ਕਰਦਿਆਂ ਡੀਐੱਸਪੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇੱਕ ਮਾਮਲਾ ਆਇਆ ਹੈ ਜੋ ਕਿ ਧਨੌਲਾ ਕਸਬਾ ਦਾ ਹੈ। ਜਿਸ ਵਿੱਚ ਦੋ ਨੌਜਵਾਨ ਨਸ਼ੇ ਵਿੱਚ ਸਨ, ਜਿੰਨ੍ਹਾਂ ਦੀ ਵੀਡੀਓ ਵਾਇਰਲ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹੇ 'ਚ ਜੇਕਰ ਨੌਜਵਾਨ ਨਸ਼ੇ ਦਾ ਆਦੀ ਪਾਇਆ ਗਿਆ ਤਾਂ ਉਸ ਦਾ ਇਲਾਜ ਕਰਵਾਇਆ ਜਾਵੇਗਾ। ਜੇਕਰ ਕੋਈ ਨਸ਼ਾ ਤਸਕਰ ਇਸ ਵਿੱਚ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।