ਬਰਨਾਲਾ : ਸੂਬੇ ਵਿਚ ਨਿਤ ਦਿਨ ਚੋਰੀ ਲੁੱਟ ਜਿਹੀਆਂ ਵਾਰਦਾਤਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਵਿੱਦਿਆ ਦੇ ਮੰਦਿਰ ਤੱਕ ਨੂੰ ਨਹੀਂ ਬਖ਼ਸ਼ਦੇ। ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ (ਗੁਰਸੇਵਕ ਨਗਰ) ਵਿੱਚ , ਜਿਥੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਨੇ ਸਕੂਲ ਵਿੱਚ ਲੱਗੇ ਸਾਰੇ ਕੈਮਰਿਆਂ ਦਾ ਡੀ.ਵੀ.ਆਰ ਰਿਕਾਰਡਰ ਵੀ ਚੋਰੀ ਕਰ ਲਿਆ, ਜਿਸ ਨਾਲ ਚੋਰਾਂ ਨੇ ਚੋਰੀ ਦੇ ਸਬੂਤ ਵੀ ਮਿਟਾ ਦਿੱਤੇ। ਸਕੂਲ ਸਟਾਫ਼ ਅਨੁਸਾਰ ਚੋਰ ਸਕੂਲ ਦੇ ਕੰਪਿਊਟਰ, ਐਲ.ਈ.ਡੀ, ਨਵੇਂ ਸੈਸ਼ਨ ਦਾ ਸਾਰਾ ਰਿਕਾਰਡ, ਮਿਡ-ਡੇ-ਮੀਲ ਦਾ ਸਮਾਨ ਅਤੇ ਸਾਰਾ ਰਾਸ਼ਨ ਲੈ ਕੇ ਭੱਜ ਗਏ। ਪੁਲਿਸ ਵੱਲੋਂ ਇਸ ਚੋਰੀ ਦੀ ਘਟਨਾ ਦੀ ਜਾਂਚ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਦਫ਼ਤਰ ਦੀਆਂ ਸਾਰੀਆਂ ਅਲਮਾਰੀਆਂ ਦੀ ਭੰਨਤੋੜ : ਸਕੂਲ 'ਚ ਚੋਰੀ ਦੀ ਘਟਨਾ ਵਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸਕੂਲ ਪਹੁੰਚੇ ਤਾਂ ਸਫ਼ਾਈ ਸਟਾਫ਼ ਅਤੇ ਸਕੂਲ ਦੇ ਬੱਚਿਆਂ ਨੇ ਦੱਸਿਆ ਕਿ ਸਾਰੇ ਕਮਰਿਆਂ 'ਚ ਸਮਾਨ ਉਥਲ ਪੁੱਥਲ ਕੀਤਾ ਪਿਆ ਹੈ ਅਤੇ ਦਫ਼ਤਰ ਦੀਆਂ ਸਾਰੀਆਂ ਅਲਮਾਰੀਆਂ ਦੀ ਵੀ ਭੰਨਤੋੜ ਕੀਤੀ ਗਈ ਹੈ। ਜਦੋਂ ਜਾ ਕੇ ਦੇਖਿਆ ਤਾਂ ਚੋਰੀ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਖ਼ਰਾਬ ਫਸਲਾਂ ਦਾ ਜਾਇਜ਼ਾ ਲੈਣ ਪਹੁੰਚੇ ਬਿਜਲੀ ਮੰਤਰੀ, ਕਿਸਾਨਾਂ ਨੂੰ ਜਲਦੀ ਮੁਆਵਜ਼ਾ ਦੇਣ ਦਾ ਦਿੱਤਾ ਭਰੋਸਾ
ਸੀਸੀਟੀਵੀ ਵਿੱਚ ਆਏ ਸਬੂਤ ਵੀ ਖ਼ਤਮ : ਉਹਨਾਂ ਦੱਸਿਆ ਕਿ ਲਗਭਗ ਦੋ ਲੱਖ ਦਾ ਨੁਕਸਾਨ ਹੋਇਆ ਹੈ ਜਿਸ ਵਿੱਚ ਸਕੂਲ ਵਿੱਚ ਲੱਗੇ ਐਲ.ਈ.ਡੀ, ਦੋ ਕੰਪਿਊਟਰ ਅਤੇ ਨਵੇਂ ਸਾਲ ਦੇ ਨਵੇਂ ਸੈਸ਼ਨ ਦਾ ਰਿਕਾਰਡ ਅਤੇ ਮਿਡ-ਡੇ-ਮੀਲ ਲਈ ਰਸੋਈ ਵਿੱਚ ਰੱਖਿਆ ਸਾਰਾ ਰਾਸ਼ਨ ਲੈ ਕੇ ਚੋਰ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਇਨ੍ਹਾਂ ਚੋਰਾਂ ਨੇ ਸਕੂਲ 'ਚ ਲੱਗੇ ਕੈਮਰਿਆਂ ਦੀ ਡੀ.ਵੀ.ਆਰ ਰਿਕਾਰਡਿੰਗ ਸਿਸਟਮ ਨੂੰ ਆਪਣੇ ਚੋਰੀ ਕਰਕੇ ਲੈ ਗਏ ਤਾਂ ਕਿ ਸੀਸੀਟੀਵੀ ਵਿੱਚ ਆਏ ਸਬੂਤ ਵੀ ਖ਼ਤਮ ਹੋ ਜਾਣ। ਇਸ ਸਾਰੀ ਘਟਨਾ ਸਬੰਧੀ ਜਦੋਂ ਸਿਟੀ ਥਾਣਾ ਦੋ ਬਰਨਾਲਾ ਦੇ ਇੰਚਾਰਜ ਐਸ.ਐਚ.ਓ ਗੁਰਮੇਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸਕੂਲ ਤੋਂ ਸੂਚਨਾ ਮਿਲੀ ਸੀ ਕਿ ਸਕੂਲ 'ਚ ਚੋਰੀ ਦੀ ਘਟਨਾ ਵਾਪਰੀ ਹੈ। ਜਿਸ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਕੂਲਾਂ ਵਿਚ ਵੀ ਚੋਰੀਆਂ ਹੋਈਆਂ: ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ , ਜਿਥੇ ਸਕੂਲਾਂ ਵਿਚ ਵੀ ਚੋਰੀਆਂ ਹੋਈਆਂ ਹਨ। ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਥੇ ਸਕੂਲ ਵਿਚ ਪੜ੍ਹਾ ਰਹੀ ਅਧਿਆਪਿਕਾ ਦਾ ਪਰਸ ਖੂਹ ਕੇ ਨੌਜਵਾਨ ਫਰਾਰ ਹੋ ਗਿਆ ਸੀ। ਇਸ ਘਟਨਾਂ ਵਿਚ ਨੌਜਵਾਨ ਕਾਬੂ ਹੋ ਗਿਆ ਸੀ , ਪਰ ਅਜਿਹੇ ਵਿਚ ਸਕੂਲੀ ਬੱਚਿਆਂ ਉੱਤੇ ਕੀ ਪ੍ਰਭਾਵ ਪੈਂਦਾ ਹੈ ਇਹ ਕੋਈ ਨਹੀਂ ਸੋਚਦਾ।