ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਦੇ ਖੇਤਾਂ ’ਚੋਂ ਟ੍ਰਾਂਸਫ਼ਾਰਮਰਾਂ ਦੀ ਚੋਰਾਂ ਵਲੋਂ ਤੇਲ ਅਤੇ ਤਾਂਬਾ ਚੋਰੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਪਿੰਡ ਬਖ਼ਤਗੜ ਦਾ ਹੈ, ਜਿੱਥੇ ਰਾਤ ਸਮੇਂ ਕਿਸਾਨਾਂ ਦੇ 9 ਟ੍ਰਾਂਸਫ਼ਾਰਮਰਾਂ ਵਿੱਚੋਂ ਚੋਰਾਂ ਵਲੋਂ ਤੇਲ ਕੱਢ ਲਿਆ ਗਿਆ ਜਿਸ ਕਰਕੇ ਕਿਸਾਨਾਂ ਲਈ ਵੱਡੀ ਸਮੱਸਿਆ ਖੜੀ ਹੋ ਗਈ ਹੈ।
ਪਿੰਡ ਦੇ ਕਿਸਾਨ ਹਰਦੇਵ ਸਿੰਘ, ਹਰਭਜਨ ਸਿੰਘ, ਸੁਖਵਿੰਦਰ ਸਿੰਘ, ਗੁਰਅੰਗਦਪਾਲ ਸਿੰਘ, ਗੁਰਨਾਮ ਸਿੰਘ ਅਤੇ ਜਗਰੂਪ ਨੇ ਦੱਸਿਆ ਕਿ ਉਨਾਂ ਦੇ ਖੇਤ ਪਿੰਡ ਕੈਰੇ ਵਾਲੇ ਰਸਤੇ ’ਤੇ ਹਨ, ਜਿੱਥੇ ਰਾਤ ਸਮੇਂ ਚੋਰਾਂ ਵਲੋਂ ਖੇਤ ਟ੍ਰਾਂਸਫ਼ਾਰਮਾਂ ’ਚੋਂ ਤੇਲ ਕੱਢ ਲਿਆ ਗਿਆ। ਉਨਾਂ ਕਿਹਾ ਕਿ ਕਣਕ ਦੀ ਫ਼ਸਲ ਨੂੰ ਆਖ਼ਰੀ ਪਾਣੀ ਲੱਗ ਰਿਹਾ ਹੈ, ਪਰ ਟ੍ਰਾਂਸਫ਼ਾਰਮਰਾਂ ’ਚੋਂ ਹੋ ਰਹੀਆਂ ਚੋਰੀਆਂ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਖੜੀ ਹੋ ਗਈ ਹੈ ਜਿਸ ਕਰਕੇ ਉਹ ਜਨਰੇਟਰ ਆਦਿ ਦੇ ਪ੍ਰਬੰਧ ਕਰਕੇ ਪਾਣੀ ਪਾਉਣ ਲਈ ਮਜ਼ਬੂਰ ਹੋ ਗਏ ਹਨ।
ਕਿਸਾਨਾਂ ਨੇ ਦੱਸਿਆ ਕਿ ਇਸ ਚੋਰੀ ਦੀ ਸੂਚਨਾ ਪੱਖੋ-ਕੈਂਚੀਆਂ ਪੁਲੀਸ ਚੌਂਕੀ ਵਿਖੇ ਦਿੱਤੀ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਬਖ਼ਤਗੜ ਦੇ ਭੋਤਨਾ ਅਤੇ ਰਾਏਸਰ ਵਾਲੇ ਰਸਤੇ ਤੋਂ ਵੀ ਚੋਰਾਂ ਨੇ ਟ੍ਰਾਂਸਫ਼ਾਰਮਰਾਂ ਵਿੱਚੋਂ ਤੇਲ ਕੱਢਿਆ ਸੀ ਅਤੇ ਚੋਰ ਅਜੇ ਤੱਕ ਫ਼ੜੇ ਨਹੀਂ ਗਏ। ਉਨਾਂ ਪੁਲਿਸ ਤੋਂ ਚੋਰਾਂ ਨੂੰ ਜਲਦ ਤੋਂ ਜਲਦ ਫ਼ੜ ਕੇ ਕਿਸਾਨਾਂ ਨੂੰ ਇਨਸਾਫ਼ ਦਵਾਉਣ ਦੀ ਮੰਗ ਕੀਤੀ।
ਪਹਿਲੀਆਂ ਚੋਰੀਆਂ ਦੇ ਮੁਲਜ਼ਮ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪਿੰਡ ਟੱਲੇਵਾਲ ਵਿਖੇ ਪਿਛਲੇ ਦੋ ਮਹੀਨਿਆਂ ਦਰਮਿਆਨ ਕਿਸਾਨਾਂ ਦੇ ਖੇਤਾਂ ਵਿੱਚੋਂ ਕੇਬਲਾਂ ਅਤੇ 4 ਦੇ ਕਰੀਬ ਟ੍ਰਾਂਸਫ਼ਾਰਮਰ ’ਚੋਂ ਤੇਲ ਕੱਢਿਆ ਜਾ ਚੁੱਕਿਆ ਹੈ। ਇਸ ਤਰਾਂ ਪਿੰਡ ਚੀਮਾ ਵਿਖੇ ਕਈ ਕਿਸਾਨਾਂ ਦੇ ਖੇਤ ਟ੍ਰਾਂਸਫ਼ਾਰਮਰਾਂ ਵਿੱਚੋਂ ਤਾਂਬਾ ਅਤੇ ਤੇਲ ਨਿਕਲ ਚੁੱਕਿਆ ਹੈ, ਪਰ ਪੁਲਿਸ ਚੋਰਾਂ ਨੂੰ ਫ਼ੜਨ ਵਿੱਚ ਨਾਕਾਮ ਰਹੀ ਹੈ।