ਬਰਨਾਲਾ : ਕਸਬਾ ਭਦੌੜ ਵਿਖੇ ਇੱਕ ਵਿਆਹੁਤਾ ਦੇ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਹੈ। ਪ੍ਰੀਤ ਕੌਰ ਦੇ ਖੁਦਕੁਸ਼ੀ ਕਰਨ ਦਾ ਕਾਰਨ ਘਰੇਲੂ ਕਲੇਸ਼ ਨੂੰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਏ.ਐਸ.ਆਈ. ਟੇਕ ਚੰਦ ਨੇ ਦੱਸਿਆ ਕਿ ਪ੍ਰੀਤ ਕੌਰ (28) ਪਤਨੀ ਲਖਵੀਰ ਸਿੰਘ ਭਦੌੜ ਦੇ ਮੁਹੱਲਾ ਨੈਣੇਵਾਲਾ ਦੀ ਰਹਿਣ ਵਾਲੀ ਸੀ, ਜੋ ਇਥੇ 10 ਸਾਲ ਪਹਿਲਾਂ ਵਿਆਹੀ ਗਈ ਸੀ। ਉਸਦੇ ਇੱਕ 7 ਸਾਲ ਦਾ ਮੁੰਡਾ ਵੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਪ੍ਰੀਤ ਕੌਰ ਦਾ ਘਰਵਾਲਾ ਲਖਵੀਰ ਸਿੰਘ ਉਸ ਨੂੰ ਤੰਗ ਕਰਦਾ ਰਹਿੰਦਾ ਸੀ ਤੇ ਕੁੱਟਮਾਰ ਵੀ ਕਰਦਾ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਸੂਚਨਾ ਮਿਲੀ ਸੀ ਕਿ ਪ੍ਰੀਤ ਕੌਰ ਨੇ ਆਪਣੇ ਉਪਰ ਕੋਈ ਜਲਣਸ਼ੀਲ ਪਦਾਰਥ ਛਿੜਕ ਕੇ ਅੱਗ ਲਾ ਕੇ ਸਾੜ ਦਿੱਤਾ ਹੈ। ਗੰਭੀਰ ਜ਼ਖ਼ਮੀ ਹਾਲਤ ਵਿੱਚ ਪ੍ਰੀਤ ਕੌਰ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਈ।
ਏਐਸਆਈ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਉਸਦੇ ਪਤੀ ਲਖਵੀਰ ਸਿੰਘ ਪੁੱਤਰ ਹਰਦਮ ਸਿੰਘ ਉਰਫ ਦੰਮੀ ਵਾਸੀ ਭਦੌੜ ਵਿਰੁੱਧ ਆਈਪੀਸੀ ਦੀ ਧਾਰਾ 306 ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਅੱਗੇ ਤਫਤੀਸ ਕੀਤੀ ਜਾ ਰਹੀ ਹੈ।