ਬਰਨਾਲਾ: ਕਿਸਾਨ ਅੰਦੋਲਨ (Peasant movement) ਦੇ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੇ ਸਮਾਜਿਕ ਸਮਾਗਮਾਂ ਦੀ ਖਾਸੀਅਤ ਵਿੱਚ ਸਪੱਸ਼ਟ ਤਬਦੀਲੀ ਆਈ ਹੈ। ਸਮਾਗਮਾਂ ਦੀਆਂ ਰਸਮਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕਿਸਾਨ ਅੰਦੋਲਨ ਨਾਲ ਜੋੜਿਆ ਜਾਂਦਾ ਹੈ। ਬਰਨਾਲਾ ਧਰਨੇ ਵਿੱਚ ਵੀ ਅਜਿਹਾ ਹੀ ਇੱਕ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲਿਆ। ਪਿੰਡ ਖੁੱਡੀ ਕਲਾਂ ਦੇ ਪਲਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਨੇ ਆਪਣੀ ਬਰਾਤ ਦੀ ਰਵਾਨਗੀ ਲਈ ਧਰਨੇ ਵਾਲੀ ਥਾਂ ਨੂੰ ਚੁਣਿਆ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਕਾਸ ਗੂੰਜਾਊ ਨਾਹਰਿਆਂ ਨਾਲ ਬਰਾਤ ਨੂੰ ਬਹੁਤ ਭਾਵੁਕ ਅੰਦਾਜ਼ ਨਾਲ ਰਵਾਨਾ ਕੀਤਾ ਗਿਆ।
32 ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ (United Farmers Front) ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ (MSP) ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਧਰਨਾ ਲਾਇਆ। ਜੋ ਅੱਜ 409ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ 26 ਨਵੰਬਰ ਨੂੰ ਦਿੱਲੀ ਮੋਰਚੇ (Delhi Morcha) ਦੀ ਪਹਿਲੀ ਵਰੇਗੰਢ ਹੈ। ਸੰਯੁਕਤ ਕਿਸਾਨ ਮੋਰਚੇ (United Farmers Front) ਨੇ ਇਸ ਮੌਕੇ ਦਿੱਲੀ ਨੇੜਲੇ ਪੰਜ ਰਾਜਾਂ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਦਾ ਵੱਡਾ ਇਕੱਠ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਦਿੱਲੀ ਤੋਂ ਦੂਰ ਵਾਲੇ ਸੂਬੇ ਆਪਣੀਆਂ ਰਾਜਧਾਨੀ ਹੈਡਕੁਆਰਟਰਾਂ ਉਪਰ ਵੱਡੇ ਇਕੱਠ ਕਰਕੇ ਰੋਸ ਪ੍ਰਦਰਸ਼ਨ ਕਰਨਗੇ।
ਧਰਨੇ ਵਿੱਚ ਇਸ ਮੌਕੇ ਲਈ ਦਿੱਲੀ ਵੱਲ ਵੱਡੇ ਕਾਫਲੇ ਭੇਜਣ ਲਈ ਠੋਸ ਵਿਉਂਤਬੰਦੀ ਕੀਤੀ ਗਈ। ਪਿੰਡਾਂ ਵਿੱਚੋਂ ਇਸ ਮਕਸਦ ਲਈ ਲਾਮਬੰਦੀ ਕਰਨ ਲਈ ਮੀਟਿੰਗਾਂ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਹਨ। ਕਾਰਕੁੰਨਾਂ ਦੀ ਪਿੰਡ-ਵਾਈਜ਼ ਡਿਊਟੀਆਂ ਲਗਾਈਆਂ ਗਈਆਂ ਹਨ। ਆਗੂਆਂ ਨੇ ਦੱਸਿਆ ਕਿ ਦਿੱਲੀ ਜਾਣ ਲਈ ਕਿਸਾਨਾਂ, ਔਰਤਾਂ, ਮਜ਼ਦੂਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਜਸਵੰਤ ਕੌਰ ਬਰਨਾਲਾ, ਹਰਚਰਨ ਸਿੰਘ ਚੰਨਾ,ਬਲਵਿੰਦਰ ਕੌਰ ਖੁੱਡੀ, ਪ੍ਰੇਮਪਾਲ ਕੌਰ, ਨਛੱਤਰ ਸਿੰਘ ਸਾਹੌਰ, ਰਣਧੀਰ ਸਿੰਘ ਰਾਜਗੜ੍ਹ, ਬਲਵੀਰ ਕੌਰ ਕਰਮਗੜ੍ਹ, ਧਰਮ ਸਿੰਘ ਭੈਣੀ ਜੱਸਾ,ਕੁਲਵੰਤ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕੀਤਾ।
ਕਿਸਾਨ ਮੋਰਚੇ (Kisan Morcha) ਦੀਆਂ ਸਟੇਜਾਂ 'ਤੇ ਖਾਸ ਖਿੱਚ ਦਾ ਕੇਂਦਰ ਰਹੀ ਇੱਕ ਅਦਾਕਾਰਾ ਵੱਲੋਂ ਇੱਕ ਸਿਆਸੀ ਪਾਰਟੀ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਦਾ ਗੰਭੀਰ ਨੋਟਿਸ ਲਿਆ। ਆਗੂਆਂ ਨੇ ਕਿਹਾ ਕਿ ਭਾਵੇਂ ਤਕਨੀਕੀ ਤੌਰ 'ਤੇ ਅਸੀਂ ਕਿਸੇ ਸ਼ਖਸ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕਦੇ ਪਰ ਨੈਤਿਕ ਪੱਖੋਂ ਇਹ ਬਹੁਤ ਨਿੰਦਣਯੋਗ ਕਾਰਵਾਈ ਹੈ।
ਕਿਸਾਨ ਅੰਦੋਲਨ (Peasant movement) ਦੇ ਸਹਾਰੇ ਬਣਾਈ ਆਪਣੀ ਪਹਿਚਾਣ ਨੂੰ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਵਰਤਣਾ ਜਾਇਜ਼ ਨਹੀਂ ਕਿਹਾ ਜਾ ਸਕਦਾ। ਸਮਝ ਨਹੀਂ ਆਉਂਦੀ ਕਿ ਅਜਿਹੇ ਸ਼ਖਸ ਕੱਲ੍ਹ ਤੱਕ ਜਿਨ੍ਹਾਂ ਸਿਆਸੀ ਪਾਰਟੀਆਂ ਦੇ ਵਿਰੁੱਧ ਬੋਲਦੇ ਸਨ, ਅੱਜ ਉਨ੍ਹਾਂ ਦੇ ਹੀ ਕਸੀਦੇ ਕਿਵੇਂ ਪੜ੍ਹਨਗੇ। ਅਜਿਹੇ ਸ਼ਖਸ ਇਹ ਵੀ ਸਮਝ ਲੈਣ ਕਿ ਇਨ੍ਹਾਂ ਦਾ ਘਿਰਾਉ 'ਤੇ ਵਿਰੋਧ ਵੀ ਉਸੇ ਤਰ੍ਹਾਂ ਹੀ ਕੀਤਾ ਜਾਵੇਗਾ, ਜਿਵੇਂ ਅਸੀਂ ਦੂਸਰੀਆਂ ਸਿਆਸੀ ਪਾਰਟੀਆਂ ਦਾ ਕਰਦੇ ਆ ਰਹੇ ਹਾਂ। ਜੇਕਰ ਚੋਣਾਂ ਲੜਨਾ ਉਨ੍ਹਾਂ ਦਾ ਅਧਿਕਾਰ ਹੈ ਤਾਂ ਵਿਰੋਧ ਕਰਨਾ ਸਾਡਾ ਵੀ ਅਧਿਕਾਰ ਹੈ। ਅਸੀਂ ਅਜਿਹੇ ਲੋਕਾਂ ਨੂੰ ਕਿਸਾਨ ਅੰਦੋਲਨ ਦੀ ਪਿੱਠ ਵਿੱਚ ਛੁਰਾ ਨਾ ਮਾਰਨ ਦੀ ਗੁਜ਼ਾਰਿਸ਼ ਕਰਦੇ ਹਾਂ।
ਇਹ ਵੀ ਪੜ੍ਹੋ: ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈਕੇ ਭਾਜਪਾ ਲੀਡਰਾਂ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ