ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਵਰਚੁਅਲ ਸਮਾਗਮ ਰਾਹੀਂ ਸੂਬੇ ਦੇ 3000 ਨੌਜਵਾਨਾਂ ਨੂੰ ਪੇਂਡੂ ਬੱਸ ਸੇਵਾ ਪਰਮਿਟ ਦੇਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਦੇ ਨਾਲ ਟਰਾਂਸਪੋਰਟ ਵਿਭਾਗ ਦੇ ਕਪੂਰਥਲਾ ਵਿਖੇ ਬਣਨ ਵਾਲੇ ਡਰਾਈਵਰ ਸਿਖਲਾਈ ਕੇਂਦਰ ਅਤੇ ਵਾਹਨ ਜਾਂਚ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੀ ਆਰਸੀ ਡਾਕ ਰਾਹੀਂ ਭੇਜਣ ਦੇ ਪ੍ਰੋਜੈਕਟ ਅਤੇ ਸਰਕਾਰੀ ਬੱਸਾਂ ‘ਚ ਜੀ.ਪੀ.ਆਰ.ਐਸ ਸਿਸਟਮ ਵੀ ਲੋਕ ਅਰਪਿਤ ਕੀਤੇ।
ਇਸ ਮੌਕੇ ਜ਼ਿਲ੍ਹਾ ਸਦਰ ਮੁਕਾਮ ਤੋਂ ਸਹਾਇਕ ਕਮਿਸ਼ਨਰ (ਜਨਰਲ) ਅਸ਼ੋਕ ਕੁਮਾਰ ਵੱਲੋਂ ਜ਼ਿਲ੍ਹਾ ਬਰਨਾਲਾ ਦੇ 10 ਨੌਜਵਾਨਾਂ ਨੂੰ ਪੇਂਡੂ ਬੱਸਾਂ ਦੇ ਪਰਮਿਟ ਤਕਸੀਮ ਕੀਤੇ ਗਏ। ਇਨਾਂ ਵਿਚ ਇਕਬਾਲਪ੍ਰੀਤ ਸਿੰਘ ਬਰਨਾਲਾ, ਅਰੁਣ ਪ੍ਰਤਾਪ ਵਾਸੀ ਬਰਨਾਲਾ, ਕੁਲਦੀਪ ਸਿੰਘ ਧਾਲੀਵਾਲ ਪਿੰਡ ਧਨੌਲਾ ਖੁਰਦ, ਅਮਰੀਕ ਸਿੰਘ ਪਿੰਡ ਖੁੱਡੀ ਕਲਾਂ, ਕੇਵਲ ਸਿੰਘ ਮਾਨ ਪਿੰਡ ਬੱਲੋ, ਨਵਦੀਪ ਕੌਰ ਬਰਨਾਲਾ, ਕਰਮਜੀਤ ਕੌਰ ਬਰਨਾਲਾ, ਰਾਜ ਸਿੰਘ ਪੱਤੀ ਢਿੱਲੋਂ, ਮੋਹਿਤ ਗਰਗ ਲੱਖੀ ਕਲੋਨੀ ਬਰਨਾਲਾ ਤੇ ਕੁਲਵਿੰਦਰ ਸਿੰਘ ਸ਼ਾਮਲ ਹਨ। ਇਸ ਮੌਕੇ ਪਰਮਿਟ ਹਾਸਲ ਕਰਨ ਮਗਰੋਂ ਅਰੁਣ ਪ੍ਰਤਾਪ ਸਿੰਘ ਵਾਸੀ ਬਰਨਾਲਾ ਨੇ ਆਖਿਆ ਕਿ ਉਸ ਨੇ ਪੰਜਾਬ ਸਰਕਾਰ ਦਾ ਇੱਕ ਇਸ਼ਤਿਹਾਰ ਦੇਖ ਕੇ ਮਿੰਨੀ ਬੱਸ ਪਰਮਿਟ ਲਈ ਆਨਲਾਈਨ ਅਪਲਾਈ ਕੀਤਾ ਸੀ ਤੇ ਅੱਜ ਉਸ ਨੂੰ ਪਰਮਿਟ ਮਿਲ ਗਿਆ ਹੈ, ਜਿਸ ਲਈ ਉਹ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਨ।
ਇਸ ਸਮਾਗਮ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਕੰਮਕਾਜ ਨੂੰ ਵਰਤਮਾਨ ਜ਼ਰੂਰਤਾਂ ਅਨੁਸਾਰ ਆਨਲਾਈਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਸਰਕਾਰ ਨੇ ਕੀਤੇ ਹਨ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਹੁਣ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੀਆਂ ਆਰਸੀ ਚੰਡੀਗੜ੍ਹ ਵਿਖੇ ਛਾਪ ਕੇ ਡਾਕ ਰਾਹੀਂ ਲੋਕਾਂ ਦੇ ਘਰਾਂ ਤੱਕ ਭੇਜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਦੀ ਤਰਜ਼ ’ਤੇ ਪ੍ਰਾਈਵੇਟ ਬੱਸਾਂ ‘ਚ ਵੀ ਜੀ.ਪੀ.ਐਸ ਸਿਸਟਮ ਲਗਵਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਆਪਣੇ ਜ਼ਿਆਦਾ ਤੋਂ ਜ਼ਿਆਦਾ ਕੰਮ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਦਫ਼ਤਰਾਂ ਦੇ ਗੇੜੇ ਨਾ ਲਗਾਉਣੇ ਪੈਣ ਅਤੇ ਲੋਕ ਆਪਣੇ ਘਰਾਂ ਤੋਂ ਹੀ ਸਰਕਾਰੀ ਸੇਵਾਵਾਂ ਲੈ ਸਕਣ।
ਇਹ ਵੀ ਪੜ੍ਹੋ:ਸਰਬੱਤ ਸਿਹਤ ਬੀਮਾ ਯੋਜਨਾ ਨੂੰ ਕਵਰ ਕਰਨ ‘ਚ ਪਠਾਨਕੋਟ ਰਿਹਾ ਮੋਹਰੀ