ਬਰਨਾਲਾ : ਮੀਂਹ ਅਤੇ ਗੜਿਆਂ ਕਾਰਨ ਨੁਕਸਾਨ ਫ਼ਸਲ ਦਾ ਮੁਆਵਜ਼ਾ ਨਾ ਮਿਲਣ ’ਤੇ ਕਿਸਾਨ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ। ਪਿੰਡ ਭਦੌੜ ਦੇ ਪੱਤੀ ਦੀਪ ਸਿੰਘ ਦਾ ਕਿਸਾਨ ਗੋਰਾ ਸਿੰਘ ਅੱਜ ਥਾਣਾ ਟੱਲੇਵਾਲ ਅਧੀਨ ਪਿੰਡ ਵਿਧਾਤੇ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਗੋਰਾ ਸਿੰਘ ਨੇ ਕਿਹਾ ਕਿ ਪਿੰਡ ਵਿਧਾਤਾ ਅਤੇ ਭਦੌੜ ਵਿੱਚ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਫ਼ਸਲ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਮੁਆਵਜ਼ਾ ਤਾਂ ਹੀ ਮਿਲਣਾ ਸੀ, ਬਲਕਿ ਹਾਲੇ ਤੱਕ ਗਿਰਦਾਵਰੀ ਤੱਕ ਸਹੀ ਢੰਗ ਨਾਲ ਨਹੀਂ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨਾ ਸਮਾਂ ਕੋਈ ਉਚ ਅਧਿਕਾਰੀ ਮੁਆਵਜ਼ੇ ਸਬੰਧੀ ਲਿਖਤੀ ਭਰੋਸਾ ਨਹੀਂ ਦਿੰਦਾ, ਉਹ ਟੈਂਕੀ ਤੋਂ ਥੱਲੇ ਨਹੀਂ ਉਤਰੇਗਾ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਕਿਸਾਨ ਗੋਰਾ ਸਿੰਘ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਪਿੰਡ ਵਾਸੀ ਆ ਗਏ। ਉਥੇ ਮੌਕੇ ਨਾਇਬ ਤਹਿਸੀਲਦਾਰ ਭਦੌੜ ਅਤੇ ਥਾਣਾ ਟੱਲੇਵਾਲ ਦੀ ਪੁਲਿਸ ਪਾਰਟੀ ਪਹੁੰਚ ਗਈ।
ਮੁਆਵਜ਼ਾ ਨਹੀਂ ਦਿੱਤਾ ਗਿਆ: ਇਸ ਸਬੰਧੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਕਿਸਾਨ ਨੇ ਗੱਲ ਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਉਹਨਾਂ ਦੇ ਇਲਾਕੇ ਵਿੱਚ ਪਏ ਭਾਰੀ ਮੀਂਹ ਅਤੇ ਗੜ੍ਹੇਮਾਰੀ ਨੇ ਫ਼ਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ। ਪਰ ਅਜੇ ਤੱਕ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਉਹਨਾਂ ਦੱਸਿਆ ਕਿ ਪਟਵਾਰੀ ਗਿਰਦਾਵਰੀ ਕਰਨ ਆਏ ਸਨ ਪਰ ਖੇਤ ਦੀਆਂ ਪਹੀਆਂ 'ਤੇ ਖੜ੍ਹ ਕੇ ਮੁੜ ਗਏ। ਜਦਕਿ ਪਟਵਾਰੀਆਂ ਨੇ ਨੁਕਸਾਨ ਵਾਲੇ ਖੇਤਾਂ ਵਿੱਚ ਜਾ ਕੇ ਵੀ ਨਹੀਂ ਦੇਖਿਆ।
ਸਾਡੀ ਮੰਗ 'ਤੇ ਕੋਈ ਗੌਰ ਨਹੀਂ ਕੀਤੀ : ਉਹਨਾਂ ਦੱਸਿਆ ਕਿ ਕਣਕ ਦੀ ਫ਼ਸਲ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਇਸਦੇ ਮੁਆਵਜ਼ਾ ਸਬੰਧੀ ਕਰੀਬ ਪੰਜ ਦਿਨ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਪਾ ਕੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਸੀ। ਪਰ ਸਾਡੀ ਮੰਗ 'ਤੇ ਕੋਈ ਗੌਰ ਨਹੀਂ ਕੀਤੀ ਗਈ। ਜਿਸ ਕਰਕੇ ਉਹ ਅੱਜ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਆਪਣਾ ਸੰਘਰਸ਼ ਕਰਨ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਜਿੰਨਾਂ ਸਮਾਂ ਕੋਈ ਪ੍ਰਸ਼ਾਸ਼ਨ ਦਾ ਅਧਿਕਾਰੀ ਲਿਖਤੀ ਤੌਰ ਤੇ ਮੁਆਵਜ਼ੇ ਲਈ ਭਰੋਸਾ ਨਹੀਂ ਦਿੰਦੇ, ਉਨਾਂ ਸਮਾਂ ਉਹ ਪਾਣੀ ਵਾਲੀ ਟੈਂਕੀ ਤੋਂ ਥੱਲੇ ਨਹੀਂ ਆਉਣਗੇ।
ਸਿਰਫ਼ 5 ਪੰਜ ਕਿਸਾਨਾਂ ਦੀ ਫ਼ਸਲ ਨਿਕਲੀ : ਉਥੇ ਪਾਣੀ ਵਾਲੀ ਟੈਂਕੀ ਥੱਲੇ ਕਿਸਾਨ ਗੋਰਾ ਸਿੰਘ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਤੇ ਪਿੰਡ ਵਾਸੀ ਆ ਗਏ। ਕਿਸਾਨਾਂ ਆਗੂਆਂ ਨੇ ਕਿਹਾ ਕਿ ਗੜ੍ਹੇਮਾਰੀ ਨੇ ਉਹਨਾਂ ਦੇ ਇਲਾਕੇ ਦੀ ਕਣਕ ਦੀ ਫ਼ਸਲ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਪ੍ਰਤੀ ਏਕੜ ਸਿਰਫ਼ 5 ਪੰਜ ਕਿਸਾਨਾਂ ਦੀ ਫ਼ਸਲ ਨਿਕਲੀ ਹੈ, ਜਦਕਿ ਸਿਰਫ਼ ਇੱਕ ਟਰਾਲੀ ਤੂੜੀ ਨਿਕਲੀ ਹੈ। ਕਿਸਾਨ ਪਹਿਲਾਂ ਹੀ ਕਰਜ਼ੇ ਹੇਠ ਹਨ। ਕਿਸਾਨਾਂ ਨੇ ਆੜਤੀਆਂ ਅਤੇ ਹੋਰ ਆਪਣੇ ਲੈਣ ਦੇਣ ਕਰਨੇ ਹਨ। ਪਰ ਸਰਕਾਰ ਨੇ ਕੋਈ ਸਹੀ ਤਰੀਕੇ ਨਾਲ ਕੋਈ ਗਿਰਦਾਵਰੀ ਨਹੀਂ ਕਰਵਾਈ। ਉਹਨਾਂ ਕਿਹਾ ਕਿ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ ਹੈ। ਉਹਨਾਂ ਕਿਹਾ ਕਿ ਉਹ ਕਿਸਾਨ ਗੋਰਾ ਸਿੰਘ ਨਾਲ ਡਟ ਕੇ ਖੜੇ ਹਨ ਅਤੇ ਮੁਆਵਜ਼ਾ ਲੈਣ ਤੱਕ ਸੰਘਰਸ਼ ਜਾਰੀ ਰੱਖਣਗੇ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਹੂਮ ਪਰਕਾਸ਼ ਸਿੰਘ ਬਾਦਲ ਨਾਲ ਸਾਂਝੀਆਂ ਕੀਤੀਆਂ 'ਮਿੱਠੀਆਂ ਯਾਦਾਂ'
ਉਥੇ ਇਸ ਸਬੰਧੀ ਨਾਇਬ ਤਹਿਸੀਲਦਾਰ ਭਦੌੜ ਨੇ ਕਿਹਾ ਕਿ ਵਿਧਾਤਾ ਪਿੰਡ ਵਿੱਚ ਗੜੇਮਾਰੀ ਨਾਲ ਨੁਕਸਾਨ ਹੋਇਆ ਹੈ। ਇਸਦੀ ਪ੍ਰਸ਼ਾਸ਼ਨ ਵਲੋਂ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੂੰ ਵਾਰੀ ਅਨੁਸਾਰ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਹੁਣ ਤੱਕ 50 ਲੱਖ ਦਾ ਮੁਆਵਜ਼ਾ ਦਿੱਤਾ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਗਿਰਦਾਵਰੀ ਵਿੱਚ ਦੇਰੀ ਤਾ ਕਰਨ ਪਟਵਾਰੀਆਂ ਦੀ ਘਾਟ ਹੈ। ਇੱਕ ਪਟਵਾਰੀ ਕੋਲ 5 ਸਰਕਲ ਹਨ। ਪਰ ਫ਼ੇਰ ਵੀ ਸਰਕਾਰ ਬਹੁਤ ਤੇਜ਼ੀ ਨਾਲ ਕਿਸਾਨਾਂ ਨੂੰ ਮੁਆਵਜ਼ਾ ਦੇ ਰਹੀ ਹੈ।