ਬਰਨਾਲਾ : ਸਵਾਈਨ ਫਲੂ ਨਾਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋਕੇ ਕਲਾਂ ਦੇ ਇੱਕ ਸਾਬਕਾ ਫੌਜੀ ਜਸਵਿੰਦਰ ਸਿੰਘ ਦੀ ਮੌਤ ਹੋਣ ਦੀ ਖ਼ਬਰ ਆਈ ਹੈ। ਮ੍ਰਿਤਕ ਫੌਜੀ ਜਸਵਿੰਦਰ ਸਿੰਘ ਦੀ ਉਮਰ 49 ਸਾਲ ਸੀ ਅਤੇ ਹੁਣ ਖੇਤੀਬਾੜੀ ਦਾ ਕਿੱਤਾ ਕਰਦਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਪੱਖੋਕੇ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਾਬਕਾ ਫ਼ੌਜੀ ਜਸਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਪਿੰਡ ਵਿੱਚ ਖੇਤੀ ਕਰਦੇ ਆ ਰਹੇ ਸਨ। ਕੁੱਝ ਦਿਨਾਂ ਤੋਂ ਉਹਨਾਂ ਨੂੰ ਖੰਘ ਅਤੇ ਬੁਖਾਰ ਦੀ ਸ਼ਿਕਾਇਤ ਹੋਈ।
ਜਿਸਤੋਂ ਬਾਅਦ ਉਹਨਾਂ ਨੂੰ ਬਰਨਾਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਬੀਤੇ ਕੱਲ੍ਹ ਸਾਬਕਾ ਫੌਜੀ ਜਸਵਿੰਦਰ ਸਿੰਘ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹਨਾਂ ਦੀ ਇਲਾਜ਼ ਦੌਰਾਨ ਮੌਤ ਹੋ ਗਈ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸਾਬਕਾ ਫੌਜੀ ਦੀ ਮੌਤ ਸਵਾਈਨ ਫ਼ਲੂ ਨਾਲ ਹੋਣ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੈਡੀਕਲ ਕਾਲਜ ਪਟਿਆਲਾ ਵਲੋਂ ਉਹਨਾਂ ਨੂੰ ਈਮੇਲ ਭੇਜੀ ਗਈ ਹੈ, ਜਿਸ ਵਿੱਚ ਮ੍ਰਿਤਕ ਜਸਵਿੰਦਰ ਸਿੰਘ ਦੀ ਮੌਤ ਦਾ ਕਾਰਨ ਸਵਾਈਨ ਫ਼ਲੂ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਬੇਅਸਰ, ਪੰਜਾਬ 'ਚ ਨਰਮੇ ਦੀ ਖ਼ਰੀਦਦਾਰੀ ਜਾਰੀ
ਸਵਾਈਨ ਫਲੂ ਨਾਲ ਹੋਈ ਇਸ ਮੌਤ ਤੋਂ ਬਾਅਦ ਜ਼ਿਲ੍ਹੇ ਦੇ ਸਿਹਤ ਵਿਭਾਗ ਨੂੰ ਭਾਜੜਾ ਪੈ ਗਈਆਂ ਹਨ।ਕਿਉਂਕਿ ਜ਼ਿਲ੍ਹੇ ਵਿੱਚ ਸਵਾਈਨ ਫਲੂ ਨਾਲ ਹੋਣ ਵਾਲੀ ਇਹ ਪਹਿਲੀ ਮੌਤ ਹੈ।