ਬਰਨਾਲਾ: ਜ਼ਿਲ੍ਹੇ ਦੇ ਨਗਰ ਕੌਂਸਲ ਭਦੌੜ ਦੀ ਨਗਰ ਕੌਂਸਲ ਹਮੇਸ਼ਾ ਹੀ ਸਫਾਈ ਸੇਵਕਾਂ ਦੇ ਧਰਨੇ ਅਤੇ ਹੜਤਾਲਾਂ ਕਾਰਨ ਚਰਚਾ ਵਿਚ ਰਹਿੰਦੀ ਹੈ ਇੱਥੇ ਹਰ ਸਾਲ ਸਫ਼ਾਈ ਸੇਵਕ ਤਕਰੀਬਨ 4-5 ਵਾਰ ਤਨਖਾਹਾਂ ਨਾ ਮਿਲਣ ਕਾਰਨ ਜਾਂ ਕਿਸੇ ਹੋਰ ਕਾਰਨਾਂ ਕਰ ਕੇ ਹੜਤਾਲ ’ਤੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਮੁੜ ਤੋਂ ਸਫਾਈ ਸੇਵਕਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਉੱਤੇ ਗੰਦਗੀ ਦੇ ਢੇਰ ਲੱਗ ਗਏ ਹਨ।
ਆਪਣੀਆਂ ਮੰਗਾਂ ਦੇ ਚੱਲਦੇ ਸਫਾਈ ਸੇਵਕ ਹੜਤਾਲ ’ਤੇ: ਹੜਤਾਲ ਨੂੰ ਲੈ ਕੇ ਸਫਾਈ ਸੇਵਕਾਂ ਦੇ ਡਰਾਈਵਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਵਾਰ ਜਦੋਂ ਉਨ੍ਹਾਂ ਨੂੰ ਲੰਬਾ ਸਮਾਂ ਤਨਖਾਹਾਂ ਨਹੀਂ ਮਿਲਦੀਆਂ ਤਾਂ ਉਹ ਕੰਮ ਬੰਦ ਕਰਕੇ ਹੜਤਾਲ ਕਰਦੇ ਦਿੰਦੇ ਹਨ ਅਤੇ ਜਦੋਂ ਉਨ੍ਹਾਂ ਦੀਆਂ ਤਨਖਾਹਾਂ ਨਗਰ ਕੌਂਸਲ ਵੱਲੋਂ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਉਹ ਫਿਰ ਕੰਮ ਤੇ ਆ ਜਾਂਦੇ ਹਨ।
ਪੀਐੱਫ ਨਹੀਂ ਕੀਤਾ ਜਾ ਰਿਹਾ ਖਾਤਿਆਂ ਵਿੱਚ ਜਮਾ: ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀਆਂ ਤਨਖਾਹਾਂ ਵਿਚੋਂ ਨਗਰ ਕੌਂਸਲ ਵੱਲੋਂ ਪੀਐੱਫ ਤਾਂ ਕੱਟਿਆ ਜਾ ਰਿਹਾ ਹੈ ਪਰ ਸਾਡੇ ਖਾਤਿਆਂ ਵਿੱਚ ਜਮ੍ਹਾਂ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਨਗਰ ਕੌਂਸਲ ਵੱਲੋਂ ਉਨ੍ਹਾਂ ਦੇ ਖਾਤਿਆਂ ਵਿਚ ਪੀਐਫ ਜਮ੍ਹਾਂ ਕਰਨ ਦਾ ਭਰੋਸਾ ਦੇ ਕੇ ਕੰਮ ਸ਼ੁਰੂ ਕਰਵਾ ਦਿੱਤਾ ਜਾਂਦਾ ਹੈ ਪਰ ਅੱਜ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਅਤੇ ਨਾ ਹੀ 2004 ਤੂੰ ਉਨ੍ਹਾਂ ਨੂੰ ਨਗਰ ਕੌਂਸਲ ਵੱਲੋਂ ਵਰਦੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਹੁਣ ਹੜਤਾਲ ਕਰ ਦਿੱਤੀ ਹੈ।
"ਕੱਟੇ ਪੀਐੱਫ ਦਾ ਰਿਕਾਰਡ ਹੀ ਨਹੀਂ": ਉਨ੍ਹਾਂ ਅੱਗੇ ਕਿਹਾ ਕਿ ਪੀਐੱਫ ਜਮ੍ਹਾ ਕਰਨ ਦੇ ਸਬੰਧ ਵਿੱਚ ਉਹ ਕਈ ਵਾਰ ਈਓ ਅਤੇ ਸਬੰਧਤ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਿਲੇ ਹਨ ਪਰ ਨਗਰ ਕੌਂਸਲ ਕੋਲ ਉਨ੍ਹਾਂ ਦੀਆ ਤਨਖਾਹਾਂ ਵਿੱਚੋਂ ਕੱਟੇ ਪੀਐੱਫ ਦਾ ਰਿਕਾਰਡ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਗੁੰਮ ਹੋਏ ਰਿਕਾਰਡ ਸਬੰਧੀ ਉਹ ਕਈ ਵਾਰ ਇਸ ਦੀ ਜਾਂਚ ਲਈ ਉੱਚ ਅਧਿਕਾਰੀਆਂ ਨੂੰ ਲਿਖ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ।
ਪ੍ਰਸ਼ਾਸਨ ਵੱਲੋਂ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਦੀ ਮੰਗਾਂ ਵੱਲ ਧਿਆਨ: ਉਨ੍ਹਾਂ ਕਿਹਾ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਸਫਾਈ ਦਾ ਕੰਮ ਬੰਦ ਕਰ ਕੇ ਹੜਤਾਲ ’ਤੇ ਹਨ ਪਰ ਅਜੇ ਤੱਕ ਕੋਈ ਵੀ ਨਗਰ ਕੌਂਸਲ ਜਾਂ ਕੋਈ ਵੀ ਉੱਚ ਅਧਿਕਾਰੀ ਉਨ੍ਹਾਂ ਕੋਲ ਨਹੀਂ ਪਹੁੰਚਿਆ। ਨਗਰ ਕੌਂਸਲ ਵਿਚ ਕੁੱਲ 14 ਪੱਕੇ ਸਫਾਈ ਸੇਵਕ ਹਨ ਅਤੇ 21 ਕੱਚੇ ਸਫਾਈ ਸੇਵਕ ਹਨ ਅਤੇ ਕੁੱਲ 35 ਸਫ਼ਾਈ ਸੇਵਕ ਹਨ ਜਿਨ੍ਹਾਂ ਦਾ ਪੀਐਫ ਫੰਡ ਦਾ ਬਕਾਇਆ ਰਹਿੰਦਾ ਹੈ ਅਤੇ ਇਸ ਸਬੰਧੀ ਉਹ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਕਿਉਂਕਿ ਨਗਰ ਕੌਂਸਲ ਦਾ ਈਓ ਨਗਰ ਕੌਂਸਲ ਵਿੱਚ ਆ ਹੀ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ।
ਸੰਘਰਸ਼ ਕੀਤਾ ਜਾਵੇਗਾ ਹੋਰ ਵੀ ਤਿੱਖਾ: ਕੱਚੇ ਸਫਾਈ ਸੇਵਕ ਮੁਕੇਸ਼ ਕੁਮਾਰ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਉਹ ਭਦੌੜ ਨਗਰ ਕੌਂਸਲ ਅਧੀਨ ਸ਼ਹਿਰ ਦੀ ਸਫ਼ਾਈ ਕਰ ਰਹੇ ਹਨ ਅਤੇ ਅੱਜ ਤਕ ਉਨ੍ਹਾਂ ਨੂੰ ਕੰਟਰੈਕਟ ਬੇਸ ’ਤੇ ਵੀ ਨਹੀਂ ਕੀਤਾ ਗਿਆ ਅਤੇ ਨਗਰ ਕੌਂਸਲ ਵੱਲੋਂ ਕਈ ਵਾਰ ਉਨ੍ਹਾਂ ਨੂੰ ਕੰਟਰੈਕਟ ਬੇਸ ਤੇ ਕਰਨ ਦੇ ਮਤੇ ਪਾਏ ਗਏ ਹਨ ਪਰ ਮਾਮਲਾ ਉੱਥੇ ਦਾ ਉੱਥੇ ਹੀ ਹੈ। ਉਨ੍ਹਾਂ ਕਿਹਾ ਕਿ ਜੇ ਕਰ ਉਨ੍ਹਾਂ ਨੂੰ ਕੰਟਰੈਕਟ ਬੇਸ ਤੇ ਨਹੀਂ ਕੀਤਾ ਜਾਂਦਾ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਈਓ ਦਾ ਪੁਤਲਾ ਫੂਕਣਗੇ ਅਤੇ ਸ਼ਹਿਰ ਦਾ ਕੂੜਾ ਕਰਕਟ ਇਕੱਠਾ ਕਰਕੇ ਨਗਰ ਕੌਂਸਲ ਦੇ ਵਿਹਡ਼ੇ ਵਿਚ ਸੁੱਟਿਆ ਜਾਵੇਗਾ।
ਇਹ ਵੀ ਪੜੋ: ਅਬੋਹਰ ਦੇ ਨਿੱਜੀ ਹਸਪਤਾਲ 'ਚ ਕੰਮ ਕਰਨ ਵਾਲੀ ਨਰਸ ਦੀ ਮੋਹਾਲੀ ਤੋਂ ਲਾਸ਼ ਬਰਾਮਦ !