ਬਰਨਾਲਾ: ਜ਼ਿਲ੍ਹੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਪੱਧਰੀ ਮੀਟਿੰਗ ਹੋਈ। ਇਸ ਦੌਰਾਨ ਪੰਜਾਬ ਭਰ ਤੋਂ ਜਥੇਬੰਦੀ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਸਬੰਧੀ ਵੱਡਾ ਐਲਾਨ ਕੀਤਾ ਗਿਆ।
ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੰਜਾਬ ਦੀਆਂ ਸੱਤ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਦੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 9 ਅਗਸਤ ਤੋਂ 11 ਅਗਸਤ ਤੱਕ ਪਟਿਆਲਾ ਵਿਖੇ ਤਿੰਨ ਦਿਨ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਲਈ ਸਰਕਾਰ ਦੇ ਕੀਤੇ ਹੋਏ ਐਲਾਨ ਅਤੇ ਵਾਅਦਿਆਂ ਦੀ ਪੂਰਤੀ ਸਬੰਧੀ ਜਵਾਬਦੇਹੀ ਮੰਗੀ ਜਾਵੇਗੀ।
ਇਹ ਵੀ ਪੜੋ: ਕਿਸਾਨ ਅੰਦੋਲਨ ਦੇ ਸ਼ਹੀਦਾਂ ਲਈ ਸੁਖਬੀਰ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੇ ਤਿੱਖੇ ਪ੍ਰਤੀਕਰਮ
ਇਸ ਤੋਂ ਇਲਾਵਾ ਮਜ਼ਦੂਰਾਂ ਵੱਲੋਂ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਕਿਰਤ ਕਾਨੂੰਨਾਂ ’ਚ ਕੀਤੀ ਗਈ ਸੋਧ ਵਾਪਸ ਲੈਣ ਤੋਂ ਇਲਾਵਾ ਹੋਰ ਕਈ ਮੰਗਾਂ ਰੱਖੀਆਂ ਜਾਣਗੀਆਂ।
ਕਿਸਾਨ ਜਥੇਬੰਦੀ ਵੀ ਹੋਵੇਗੀ ਸ਼ਾਮਲ
ਇਸ ਤੋਂ ਇਵਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਵੱਲੋਂ ਮਜਦੂਰਾਂ ਦੇ ਇਸ ਸੰਘਰਸ਼ ਦਾ ਪੂਰਾ ਮਸਰਥਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀ ਜਥੇਬੰਦੀ ਦੇ ਆਗੂ ਅਤੇ ਵਰਕਰ ਵੀ ਸ਼ਾਮਲ ਹੋਣਗੇ, ਨਾਲ ਹੀ ਜਥੇਬੰਦੀ ਵੱਲੋਂ ਲੰਗਰ ਆਦਿ ਦਾ ਵੀ ਪ੍ਰਬੰਧ ਕੀਤਾ ਜਾਵੇਗਾ।