ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੀ ਤਰਕਸ਼ੀਲ ਭਵਨ ਬਰਨਾਲਾ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ 26 ਤੋਂ 31 ਮਈ ਦੇ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਸੱਦੇ ਮੁਤਾਬਕ ਪੰਜਾਬ ਦੇ 9 ਸੰਸਦ ਮੈਂਬਰਾਂ ਨੂੰ 29 ਮਈ ਨੂੰ ਮੰਗ ਪੱਤਰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ।
17 ਜ਼ਿਲ੍ਹਿਆਂ ਵਿੱਚ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਣਗੇ:- ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ ਸੰਸਦ ਮੈਂਬਰਾਂ ਸੁਖਬੀਰ ਬਾਦਲ, ਹਰਸਿਮਰਤ ਬਾਦਲ, ਮੁਹੰਮਦ ਸਦੀਕ, ਪ੍ਰਨੀਤ ਕੌਰ, ਗੁਰਜੀਤ ਸਿੰਘ ਔਜਲਾ, ਸੰਨੀ ਦਿਓਲ, ਜਸਵੀਰ ਸਿੰਘ ਡਿੰਪਾ, ਨਵਰੀਤ ਬਿੱਟੂ ਅਤੇ ਸੁਸ਼ੀਲ ਰਿੰਕੂ ਨਾਲ਼ ਸੰਪਰਕ ਕਰਕੇ ਉਨ੍ਹਾਂ ਦੇ ਚੋਣ ਹਲਕਿਆਂ ਮੁਤਾਬਕ 17 ਜ਼ਿਲ੍ਹਿਆਂ ਦੇ ਕਿਸਾਨ ਭਾਰੀ ਗਿਣਤੀ ਔਰਤਾਂ ਸਮੇਤ ਜਨਤਕ ਇਕੱਠ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਣਗੇ।
ਕਿਸਾਨਾਂ ਦੀਆਂ ਮੰਗਾਂ:- ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹਨਾਂ ਮੁੱਖ ਮੰਗਾਂ ਵਿੱਚ ਸਾਰੀਆਂ ਫਸਲਾਂ ਦੇ ਲਾਭਕਾਰੀ ਐੱਮਐੱਸਪੀ ਸਵਾਮੀਨਾਥਨ ਰਿਪੋਰਟ ਅਨੁਸਾਰ ਮਿਥਣ ਅਤੇ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਕਰਨ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਖ਼ਤਮ ਕਰਨ, 60 ਸਾਲ ਤੋਂ ਉੱਪਰ ਔਰਤਾਂ ਸਮੇਤ ਸਾਰੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ ਦੇਣ, ਕਿਸੇ ਵੀ ਕਾਰਨ ਹੋਈ ਫ਼ਸਲੀ ਤਬਾਹੀ ਦੇ ਨੁਕਸਾਨ ਦੀ ਪੂਰੀ ਭਰਪਾਈ ਵਾਲੀ ਸਰਕਾਰੀ ਫਸਲੀ ਬੀਮਾ ਸਕੀਮ ਚਾਲੂ ਕਰਨ।
ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਲਖੀਮਪੁਰ ਖੀਰੀ 'ਚ ਕਿਸਾਨਾਂ ਦੇ ਬੇਰਹਿਮ ਕਤਲਾਂ ਦੀ ਸਾਜ਼ਿਸ਼ ਵਿੱਚ ਸ਼ਾਮਲ ਕੇਂਦਰੀ ਗ੍ਰਹਿ ਮੰਤਰੀ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਅਤੇ ਕਤਲ ਕੇਸ ਦੀ ਸਹੀ ਪੈਰਵੀ ਰਾਹੀਂ ਜਲਦੀ ਇਨਸਾਫ਼ ਦੇਣ, ਦਿੱਲੀ ਕਿਸਾਨ ਘੋਲ਼ ਮੌਕੇ ਕਿਸਾਨਾਂ ਸਿਰ ਮੜ੍ਹੇ ਸਾਰੇ ਕੇਸ ਰੱਦ ਕਰਨ ਅਤੇ 750 ਦੇ ਕਰੀਬ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਅਤੇ ਪੱਕੀਆਂ ਸਰਕਾਰੀ ਨੌਕਰੀਆਂ ਦੇਣ ਦੀਆਂ ਮੰਗਾਂ ਸ਼ਾਮਲ ਹਨ।
22 ਮਈ ਨੂੰ ਐਸਡੀਐਮ ਦਫ਼ਤਰਾਂ ਅੱਗੇ ਧਰਨੇ:- ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇੱਕ ਹੋਰ ਫੈਸਲੇ ਰਾਹੀਂ ਤੂਫ਼ਾਨ/ਗੜੇਮਾਰੀ ਨਾਲ ਹੋਈ ਫ਼ਸਲੀ ਤਬਾਹੀ ਦੀ ਗਰਦਾਵਰੀ ਮੁਤਾਬਕ ਅਜੇ ਤੱਕ ਅੱਧ ਪਚੱਧਾ ਦਿੱਤਾ ਗਿਆ ਮੁਆਵਜ਼ਾ ਪੂਰਾ ਲੈਣ ਲਈ ਸਾਰੇ ਪ੍ਰਭਾਵਿਤ ਇਲਾਕਿਆਂ ਵਿੱਚ 22 ਮਈ ਨੂੰ ਐਸਡੀਐਮ ਦਫ਼ਤਰਾਂ ਅੱਗੇ ਧਰਨੇ ਲਾਏ ਜਾਣਗੇ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਡੀਸੀ/ਐਸਡੀਐਮ ਅਧਿਕਾਰੀਆਂ ਨੂੰ ਇਸ ਸੰਬੰਧੀ ਮੰਗ ਪੱਤਰ ਸੌਂਪੇ ਜਾਣਗੇ। ਇਸ ਤੋਂ ਇਲਾਵਾ ਜਿਣਸੀ ਸ਼ੋਸ਼ਣ ਪੀੜਤ ਪਹਿਲਵਾਨ ਕੁੜੀਆਂ ਦੇ ਹੱਕੀ ਘੋਲ ਦੀ ਡਟਵੀਂ ਹਮਾਇਤ ਜਾਰੀ ਰੱਖੀ ਜਾਵੇਗੀ ਅਤੇ 21 ਮਈ ਦੇ ਅਲਟੀਮੇਟਮ ਤੋਂ ਬਾਅਦ ਉਨ੍ਹਾਂ ਵੱਲੋਂ ਐਲਾਨ ਕੀਤਾ ਜਾਣ ਵਾਲਾ ਪ੍ਰੋਗਰਾਮ ਵਿਸ਼ਾਲ ਲਾਮਬੰਦੀਆਂ ਨਾਲ ਲਾਗੂ ਕੀਤਾ ਜਾਵੇਗਾ।
- Women Wrestlers Protest: ਮਹਿਲਾ ਪਹਿਲਵਾਨਾਂ ਦੇ ਹੱਕ 'ਚ ਨਿੱਤਰੇ ਕੁੱਲ ਹਿੰਦ ਕਿਸਾਨ ਸਭਾ ਮੈਂਬਰ, ਬ੍ਰਿਜ ਭੂਸ਼ਣ ਸ਼ਰਣ ਖਿਲਾਫ ਕੀਤਾ ਪ੍ਰਦਸ਼ਨ
- Farmers Protest: ਜਿੱਤ ਵੱਲ ਵਧਿਆ ਭਾਕਿਯੂ ਡਕੌਂਦਾ ਦਾ ਸੰਘਰਸ਼, ਕੰਪਨੀ ਵੱਲੋਂ ਨਵੀਂ ਥਾਂ ਟੋਲ ਪਲਾਜ਼ਾ ਲਾਉਣ ਦੀ ਤਿਆਰੀ
- ਖੇਤਾਂ 'ਚ ਪਾਈ ਜੀ ਰਹੀ ਗੈਸ ਪਾਇਪ ਲਾਈਨ ਦੇ ਵਿਰੋਧ ਦੌਰਾਨ ਪੁਲਿਸ ਅਤੇ ਕਿਸਾਨ ਆਹਮੋ-ਸਾਹਮਣੇ, ਪੁਲਿਸ ਛਾਉਣੀ 'ਚ ਤਬਦੀਲ ਹੋਇਆ ਪਿੰਡ
ਬੁੱਧੀਜੀਵੀ ਡਾ: ਨਵਸ਼ਰਨ ਦੇ ਹੱਕ ਵਿੱਚ ਨਿਤਰੇ ਕਿਸਾਨ:- ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇੱਕ ਮਤਾ ਪਾਸ ਕਰਕੇ ਦੇਸ਼ ਦੀ ਉੱਘੀ ਬੁੱਧੀਜੀਵੀ ਡਾ: ਨਵਸ਼ਰਨ ਨੂੰ ਹੋਰਨਾਂ ਚੋਟੀ ਦੇ ਬੁੱਧੀਜੀਵੀਆਂ ਵਾਂਗ ਸੱਚ-ਬਿਆਨੀ ਦਾ ਗਲਾ ਘੁੱਟਣ ਲਈ ਸੰਗੀਨ ਝੂਠੇ ਕੇਸਾਂ ਵਿੱਚ ਫਸਾਉਣ ਦੀ ਕੋਝੀ ਸਾਜ਼ਿਸ਼ ਤਹਿਤ ਮੋਦੀ ਸਰਕਾਰ ਦੁਆਰਾ ਈ.ਡੀ ਰਾਹੀਂ 8-8 ਘੰਟੇ ਪੁੱਛ ਪੜਤਾਲ ਦੇ ਧਮਕਾਊ ਜਾਬਰ ਕਦਮਾਂ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਆਉਂਦੇ ਦਿਨਾਂ ਵਿੱਚ ਇਸ ਮਸਲੇ ਉਪਰ ਜਨਤਕ ਰੋਸ ਪ੍ਰਦਰਸ਼ਨਾਂ ਦੇ ਠੋਸ ਰੂਪ ਉਲੀਕਣ ਬਾਰੇ ਫੈਸਲਾ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਸਕੱਤਰ ਤੋਂ ਇਲਾਵਾ ਜਥੇਬੰਦੀ ਦੇ ਸੂਬਾਈ ਅਹੁਦੇਦਾਰਾਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ ਸਮੇਤ ਔਰਤ ਆਗੂ ਕੁਲਦੀਪ ਕੌਰ ਕੁੱਸਾ, ਕਮਲਦੀਪ ਕੌਰ ਬਰਨਾਲਾ, ਦਵਿੰਦਰ ਕੌਰ ਰੰਧਾਵਾ ਕਲੋਨੀ, ਪਰਮਜੀਤ ਕੌਰ ਕੋਟਮੁਗਲ ਅਤੇ 15 ਜ਼ਿਲ੍ਹਿਆਂ ਦੇ ਪ੍ਰਧਾਨ/ਜਨਰਲ ਸਕੱਤਰ/ਮੁੱਖ ਆਗੂ ਸ਼ਾਮਲ ਸਨ।