ਬਰਨਾਲਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਦਾ ਸਿਆਸੀ ਅਖਾੜਾ ਭਖਿਆ ਹੋਇਆ ਹੈ। ਇਸੇ ਦਰਮਿਆਨ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਜਾ ਰਹੀ ਹੈ। ਚੰਨੀ ਦੇ ਭਦੌੜ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਕਾਰਨ ਹਲਕੇ ਦਾ ਚੋਣ ਰੁਝਾਨ ਕਾਫੀ ਦਿਲਚਸਪ ਬਣ ਗਏ ਹਨ। ਪੰਜਾਬ ਨਾਲ ਜੁੜੇ ਹਰ ਇੱਕ ਦੀ ਨਜ਼ਰ ਭਦੌੜ ਹਲਕੇ ’ਤੇ ਟਿਕ ਗਈਆਂ ਹਨ।
ਓਧਰ ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵਿਰੁੱਧ ਆਮ ਆਦਮੀ ਪਾਰਟੀ ਤੋਂ ਲਾਭ ਸਿੰਘ ਉਗੋਕੇ ਚੋਣ ਲੜ ਰਹੇ ਹਨ। "ਈਟੀਵੀ ਭਾਰਤ" ਨਾਲ ਗੱਲਬਾਤ ਕਰਦਿਆਂ ਲਾਲ ਸਿੰਘ ਉਗੋਕੇ ਨੇ ਬੁਲੰਦ ਹੌਸਲਿਆਂ ਨਾਲ ਆਪਣੀ ਜਿੱਤ ਦਾ ਦਾਅਵਾ ਕੀਤਾ।
'ਚੰਨੀ ਖਿਲਾਫ਼ ਲੜਨ ਦੇ ਚੱਲਦੇ ਵਰਕਰਾਂ ’ਚ ਜੋਸ਼'
ਇਸ ਮੌਕੇ ਉਗੋਕੇ ਨੇ ਕਿਹਾ ਕਿ ਭਾਵੇਂ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਖ਼ਿਲਾਫ਼ ਚੋਣ ਲੜ ਰਹੇ ਹਨ, ਪਰੰਤੂ ਉਹ ਬਿਨਾਂ ਡਰ ਭੈਅ ਦੇ ਆਪਣੀ ਚੋਣ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਚੋਣ ਲੜਨ ਦਾ ਸੁਆਦ ਹੀ ਹੁਣ ਆਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਹਲਕਾ ਭਦੌੜ ਦੇ ਵਰਕਰਾਂ ਵਿੱਚ ਹੋਰ ਜੋਸ਼ ਭਰ ਗਿਆ ਹੈ ਅਤੇ ਹੋਰ ਉਤਸ਼ਾਹ ਨਾਲ ਚੋਣ ਲੜੀ ਜਾ ਰਹੀ ਹੈ।
'ਚੰਨੀ ਆਮ ਆਦਮੀ ਨਹੀਂ'
ਲਾਭ ਸਿੰਘ ਉਗੋਕੇ ਨੇ ਕਿਹਾ ਕਿ ਚਰਨਜੀਤ ਚੰਨੀ ਇੱਕ ਆਮ ਆਦਮੀ ਨਹੀਂ ਹਨ, ਕਿਉਂਕਿ ਉਨ੍ਹਾਂ ਦੇ ਘਰ ਤੋਂ ਦਸ ਕਰੋੜ ਰੁਪਏ ਦੀ ਵੱਡੀ ਰਾਸ਼ੀ ਈਡੀ ਵੱਲੋਂ ਫੜੀ ਗਈ ਹੈ। ਉਨ੍ਹਾਂ ਕਿਹਾ ਕਿ ਚੰਨੀ ਵੱਲੋਂ ਚੋਣ ਕਮਿਸ਼ਨ ਕੋਲ ਦਿਖਾਈ ਗਈ ਪੰਦਰਾਂ ਕਰੋੜ ਦੀ ਪ੍ਰਾਪਰਟੀ ਹੈ। ਉਗੋਕੇ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਉਨ੍ਹਾਂ ਨੂੰ ਆਮ ਆਦਮੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਚੰਨੀ ’ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਜੇਕਰ ਅਜਿਹਾ ਵਿਅਕਤੀ ਆਮ ਆਦਮੀ ਹੁੰਦਾ ਹੈ ਤਾਂ ਪੰਜਾਬ ਦਾ ਹਰੇਕ ਨਾਗਰਿਕ ਆਦਮੀ ਹੋਣਾ ਚਾਹੀਦਾ ਹੈ।
ਆਪ ਉਮੀਦਵਾਰ ਨੇ ਕਿਹਾ ਕਿ ਮੇਰੇ ਕੋਲ ਸਿਰਫ਼ 2014 ਮਾਡਲ ਇੱਕ ਮੋਟਰਸਾਈਕਲ ਹੀ ਹੈ, ਜਦਕਿ ਹੋਰ ਕੋਈ ਵੱਡੀ ਪ੍ਰਾਪਰਟੀ ਤੱਕ ਨਹੀਂ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ 70 ਹਜ਼ਾਰ ਰੁਪਇਆ ਵੀ ਉਨ੍ਹਾਂ ਵੱਲੋਂ ਹਲਫਨਾਮੇ ਵਿੱਚ ਦਿੱਤਾ ਗਿਆ ਹੈ।
'ਵੱਡੇ ਚਿਹਰਿਆਂ ਦੀ ਥਾਂ ਆਮ ਲੋਕਾਂ ਦੀ ਹੈ ਲੜਾਈ'
ਲਾਭ ਸਿੰਘ ਨੇ ਕਿਹਾ ਕਿ ਹਲਕਾ ਭਦੌੜ ਦੇ ਲੋਕ ਵੱਡੇ ਚਿਹਰਿਆਂ ਦੀ ਥਾਂ ਆਮ ਵਿਅਕਤੀ ਨੂੰ ਪਸੰਦ ਕਰਦੇ ਹਨ। ਭਾਵੇਂ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਚਲਾਉਣ ਲਈ ਮੁਹੰਮਦ ਸਦੀਕ, ਦਰਬਾਰਾ ਸਿੰਘ ਗੁਰੂ, ਪਿਰਮਲ ਸਿੰਘ ਧੌਲਾ, ਬੀਬੀ ਸੁਰਿੰਦਰ ਕੌਰ ਵਾਲੀਆ ਅਤੇ ਨਿਰਮਲ ਸਿੰਘ ਨਿੰਮਾ ਵਰਗੇ ਵੱਡੇ ਕੱਦਾਵਰ ਆਹੂ ਹਨ, ਪਰੰਤੂ ਹਲਕਾ ਭਦੌੜ ਦੇ ਲੋਕਾਂ ਨੂੰ ਇਹ ਵੱਡੇ ਚਿਹਰੇ ਕਦੇ ਵੀ ਪਸੰਦ ਨਹੀਂ ਆਏ। ਉਨ੍ਹਾਂ ਕਿਹਾ ਕਿ ਮੇਰੀ ਚੋਣ ਮੁਹਿੰਮ ਸਾਡੀ ਪਾਰਟੀ ਦੇ ਆਮ ਵਰਕਰ ਅਤੇ ਆਮ ਲੋਕ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਮੇਰੀ ਚੋਣ ਮੁਹਿੰਮ ਨੂੰ ਹੋਰ ਹੁਲਾਰਾ ਮਿਲਿਆ ਹੈ ਅਤੇ ਲੋਕਾਂ ਦਾ ਹੋਰ ਵੱਡਾ ਸਾਥ ਮਿਲਣ ਲੱਗਿਆ ਹੈ।
'ਹਰ ਵਾਰ ਦੀ ਤਰ੍ਹਾਂ ਹਲਕਾ ਭਦੌੜ ਦੁਹਰਾਵੇਗਾ ਅਤੇ ਆਪ ਦੀ ਹੋਵੇਗੀ ਜਿੱਤ'
ਆਪ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਦਾਅਵਾ ਕੀਤਾ ਕਿ ਹਲਕਾ ਭਦੌੜ ਦੇ ਲੋਕਾਂ ਦਾ ਇਹ ਇਤਿਹਾਸ ਰਿਹਾ ਹੈ ਕਿ ਇੱਥੇ ਵੱਡੇ ਵੱਡੇ ਰਾਜਨੀਤੀ ਦੇ ਥੰਮ੍ਹ ਹਾਰੇ ਹਨ ਅਤੇ ਉਨ੍ਹਾਂ ਕਿਹਾ ਕਿ ਇੱਥੋਂ ਜ਼ਮੀਨ ਨਾਲ ਜੁੜਿਆ ਲੀਡਰ ਹੀ ਜਿੱਤਿਆ ਹੈ। ਹੁਣ ਵੀ ਇਤਿਹਾਸ ਪਹਿਲਾਂ ਵਾਂਗ ਹੀ ਦੁਹਰਾਇਆ ਜਾਵੇਗਾ ਭਾਵੇਂ ਚਰਨਜੀਤ ਚੰਨੀ ਇੱਥੋਂ ਚੋਣ ਲੜ ਰਹੇ ਹਨ, ਪ੍ਰੰਤੂ ਹਲਕਾ ਭਦੌੜ ਦੇ ਲੋਕ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਦਿਵਾਉਣਗੇ।
ਇਹ ਵੀ ਪੜ੍ਹੋ: ਪ੍ਰਚਾਰ ਦਾ ਚਿਹਰਾ ਕੌਣ ਬਣਦਾ ਹੈ, ਹਾਈਕਮਾਂਡ ਕਰੇਗੀ ਫੈਸਲਾ: ਤਿਵਾੜੀ