ਬਰਨਾਲਾ: ਸੂਬੇ ਭਰ ’ਚ ਜਿੱਥੇ ਕੋਰੋਨਾ ਦੇ ਮਾਮਲੇ ਮੁੜ ਤੋਂ ਵਧ ਰਹੇ ਹਨ ਉੱਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਵੱਖ ਵੱਖ ਥਾਵਾਂ ਤੇ ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ ਅਤੇ ਐਸਐਮਓ ਡਾ. ਹਰਿੰਦਰ ਸਿੰਘ ਸੂਦ ਦੀ ਅਗਵਾਈ ਹੇਠ ਸੀਐਚਸੀ ਮਹਿਲ ਕਲਾਂ ਵਿਚ ਵਿਸ਼ੇਸ਼ ਟੀਕਾਕਰਨ ਕੈਂਪ ਲਾਇਆ ਗਿਆ। ਦੱਸ ਦਈਏ ਕਿ ਇਸ ਕੈਂਪ ਵਿੱਚ ਵੱਡੀ ਗਿਣਤੀ ਵਿਚ ਬਜ਼ੁਰਗਾਂ ਅਤੇ 45 ਸਾਲ ਤੋਂ ਉਪਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਟੀਕਾ ਲਗਵਾਇਆ ਗਿਆ। ਇਸ ਮੌਕੇ ‘ਬਰਨਾਲਾ ਦੀ ਸ਼ਾਨ’ ਮੁਹਿੰਮ ਤਹਿਤ ਜਾਗਰੂਕਤਾ ਸੈਲਫੀ ਪੁਆਇੰਟ ਵੀ ਸਥਾਪਿਤ ਕੀਤਾ ਗਿਆ।
![ਬਰਨਾਲਾ](https://etvbharatimages.akamaized.net/etvbharat/prod-images/pb-bnl-covid19vaccine-pb10017_12032021215348_1203f_1615566228_4.jpg)
ਲੋਕ ਅਫਵਾਹਾਂ ਤੋਂ ਬਚਣ
ਇਸ ਮੌਕੇ ਡਾ. ਸੂਦ ਨੇ ਦੱਸਿਆ ਕਿ ਜੇਕਰ ਕੋਈ ਬਜ਼ੁਰਗ ਜਾਂ 45 ਸਾਲ ਤੋਂ ਉਪਰ ਦਾ ਹੋਰ ਬੀਮਾਰੀਆਂ ਤੋਂ ਪੀੜਤ ਵਿਅਕਤੀ ਵੈਕਸੀਨ ਤੋਂ ਵਾਂਝਾ ਰਹਿ ਗਿਆ ਹੋਵੇ ਤਾਂ ਉਹ ਸੀਐੱਚਸੀ ਮਹਿਲ ਕਲਾਂ ਵਿਖੇ ਮੌਕੇ ’ਤੇ ਰਜਿਸਟ੍ਰੇਸ਼ਨ ਕਰਵਾ ਕੇ ਟੀਕਾ ਲਗਵਾ ਸਕਦਾ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਇਹ ਵੈਕਸੀਨ ਬਿਲਕੁੱਲ ਸੁਰੱਖਿਅਤ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲਗਾਤਾਰ ਸਾਹਮਣੇ ਆ ਰਹੀਆਂ ਅਫਵਾਹਾਂ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਹੈ।
ਇਹ ਵੀ ਪੜੋ: ਕੋਰੋਨਾ ਦੇ ਵੱਧ ਰਹੇਂ ਪ੍ਰਭਾਵ ਕਾਰਨ ਪੰਜਾਬ ਸਰਕਾਰ ਨੇ ਸਕੂਲ ਕੀਤੇ ਬੰਦ
ਕੋਰੋਨਾ ਵੈਕਸੀਨ ਬਿਲਕੁੱਲ ਸੁਰੱਖਿਅਤ: ਜ਼ਿਲ੍ਹਾ ਟੀਕਾਕਰਨ ਅਫ਼ਸਰ
ਜ਼ਿਲ੍ਹਾ ਟੀਕਾਕਰਨ ਅਫਸਰ ਰਾਜਿੰਦਰ ਸਿੰਗਲਾ ਨੇ ਆਖਿਆ ਕਿ ਉਹ ਖੁਦ ਵੀ ਵੈਕਸੀਨ ਲਗਵਾ ਚੁੱਕੇ ਹਨ। ਕੋਰੋਨਾ ਵੈਕਸੀਨ ਬਿਲਕੁਲ ਸੁਰੱਖਿਅਤ ਹੈ। ਇਸ ਸਬੰਧੀ ਅਫਵਾਹਾਂ ਤੋਂ ਬਚਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਵੈਕਸੀਨ ਸਬੰਧੀ ਕਈ ਲੋਕਾਂ ਦੇ ਮਨਾਂ ਵਿੱਚ ਖਾਸ ਕਰਕੇ ਬਜ਼ੁਰਗਾਂ ਵਿੱਚ ਡਰ ਅਤੇ ਵਹਿਮ ਹੈ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ਵਿੱਚ ਸਿਹਤ ਅਮਲੇ ਅਤੇ ਦੂਜੇ ਗੇੜ ਵਿਚ ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਹੁਣ 60 ਸਾਲ ਤੋਂ ਉਪਰ ਦੇ ਵਿਅਕਤੀਆਂ ਅਤੇ 45 ਸਾਲ ਤੋਂ ਉਪਰ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਵੈਕਸੀਨ ਲਾਈ ਜਾ ਰਹੀ ਹੈ।
ਹੁਣ ਤੱਕ 3614 ਦੇ ਕਰੀਬ ਕੀਤਾ ਗਿਆ ਟੀਕਾਕਰਨ
ਜ਼ਿਲ੍ਹਾ ਬਰਨਾਲਾ ਵਿੱਚ ਹੁਣ ਤੱਕ 2491 ਸਿਹਤ ਕਰਮੀਆਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਜਦਕਿ 1123 ਸੀਨੀਅਰ ਸਿਟੀਜ਼ਨਾਂ ਅਤੇ 45 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਹੁਣ ਤੱਕ 3614 ਵੈਕਸੀਨ ਲਗਾਈ ਜਾ ਚੁੱਕੀ ਹੈ।