ਬਰਨਾਲਾ: 'ਖ਼ੁਦੀ ਕੋ ਕਰ ਬੁਲੰਦ ਇਤਨਾ ਕਿ ਤਕਦੀਰ ਲਿਖਨੇ ਸੇ ਪਹਿਲੇ, ਖ਼ੁਦਾ ਖੁਦ ਬੰਦੇ ਸੇ ਪੂਛੇ ਬਤਾ ਤੇਰੀ ਰਜ਼ਾ ਕਿਆ ਹੈ।' ਇਹ ਲਾਈਨਾਂ ਬਰਨਾਲਾ ਦੀ ਅਨਾਜ ਮੰਡੀ ਵਿੱਚ ਖੁੱਲ੍ਹੇ ਅਸਮਾਨ ਹੇਠ ਝੁੱਗੀਆਂ ਵਿੱਚ ਰਹਿਣ ਵਾਲੇ 8 ਸਾਲਾਂ ਬੱਚੇ ਰਾਹੁਲ 'ਤੇ ਜ਼ਰੂਰ ਢੁਕਦੀਆਂ ਹਨ। ਰਾਹੁਲ ਨੇ ਨਵੋਦਿਆ ਸਕੂਲ ਦੀ ਪ੍ਰੀਖਿਆ 'ਚ ਪੂਰੇ ਜ਼ਿਲ੍ਹੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ।
ਸਲੱਮ ਏਰੀਏ ਦੇ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਰਾਹੁਲ ਨੇ ਬਿਨਾਂ ਕਿਸੇ ਟਿਊਸ਼ਨ ਦੇ ਨਵੋਦਿਆ ਦੀ ਪ੍ਰੀਖਿਆ ਘਰ ਦੀਆਂ ਲੱਖਾਂ ਤੰਗੀਆਂ ਦੇ ਬਾਵਜੂਦ ਪਾਸ ਕੀਤੀ ਹੈ। ਰਾਹੁਲ ਦੇ ਪਿਤਾ ਸੜਕਾਂ ਤੋਂ ਕਬਾੜ ਚੁੱਕਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਆਪਣੇ ਬੱਚੇ ਨੂੰ ਵੱਡਾ ਅਫ਼ਸਰ ਦੇਖਣ ਦੀ ਚਾਹਤ ਨਾਲ ਪੜ੍ਹਾਈ ਕਰਵਾਉਣੀ ਸ਼ੁਰੂ ਕੀਤੀ ਅਤੇ ਹੁਣ ਉਸਦਾ ਸੁਪਨਾ ਉਸ ਨੂੰ ਸਫਲ ਹੁੰਦਾ ਦਿਖਾਈ ਦੇ ਰਿਹਾ ਹੈ।
ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਦੇ ਪ੍ਰਧਾਨ ਭਾਨ ਸਿੰਘ ਜੱਸੀ ਅਤੇ ਰਾਹੁਲ ਨੂੰ ਪੜ੍ਹਾਉਣ ਵਾਲੀ ਅਧਿਆਪਕਾ ਗੀਤਾ ਨੇ ਦੱਸਿਆ ਕਿ ਉਹ 2007 ਤੋਂ ਬਰਨਾਲਾ ਦੀਆਂ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੰਦੇ ਆ ਰਹੇ ਹਨ। ਉਹ ਬਰਨਾਲਾ ਦੀ ਅਨਾਜ ਮੰਡੀ ਵਿੱਚ ਖੁੱਲ੍ਹੇ ਅਸਮਾਨ ਥੱਲੇ ਸਕੂਲ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਸਕੂਲ ਦੇ ਬੱਚੇ ਰਾਹੁਲ ਨੇ ਨਵੋਦਿਆ ਸਕੂਲ ਦੀ ਪ੍ਰੀਖਿਆ ਵਿੱਚ ਜ਼ਿਲ੍ਹੇ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਹੈ।
ਭਾਨ ਸਿੰਘ ਨੇ ਕਿਹਾ ਕਿ ਉਹ ਸਕੂਲ ਦੇ ਅਧਿਆਪਕਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਰਾਹੁਲ ਨੂੰ ਉਚੇਰੀ ਪੜ੍ਹਾਈ ਕਰਵਾਉਣ ਲਈ ਪੂਰੀ ਮਦਦ ਕਰਨਗੇ। ਉਨ੍ਹਾਂ ਦੱਸਿਆ ਕਿ ਨਵੋਦਿਆ ਸਕੂਲ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਹਨ, ਜਿੱਥੇ ਪ੍ਰੀਖਿਆ ਪਾਸ ਕਰਨ ਵਾਲੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ।