ਬਰਨਾਲਾ: ਬਰਨਾਲਾ ਦੇ ਪਿੰਡ ਠੀਕਰੀਵਾਲਾ ਵਿੱਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 89ਵੀਂ ਬਰਸੀ ਮਨਾਈ ਗਈ। ਇੱਥੇ ਮੁੱਖ ਮੰਤਰੀ ਤੋਂ ਲੈ ਕੇ ਹੋਰ ਵੱਡੇ ਵੱਡੇ ਰਾਜਨੀਤਿਕ ਆਗੂ ਪਹੁੰਚੇ। ਇਸ ਤਹਿਦ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ ਪਹੁੰਚੇ। ਉਨ੍ਹਾਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਸੇਵਾ ਸਿੰਘ ਪੜ੍ਹੇ ਲਿਖੇ, ਚੰਗੇ ਕਿਸਾਨ ਅਤੇ ਸੂਝਵਾਨ ਆਜ਼ਾਦੀ ਘੁਲਾਟੀਏ ਸਨ। ਉਨ੍ਹਾਂ ਕਿਹਾ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਅੰਗਰੇਜ਼ਾਂ ਨੂੰ ਦੇਸ਼ ਤੋਂ ਬਾਹਰ ਕਿਉਂ ਕੱਢਣਾਂ ਹੈ ਉਸ ਤੋਂ ਬਾਅਦ ਹਿੰਦੋਸਤਾਨ ਵਿੱਚ ਜਮਹੂਰੀਅਤ ਦਾ ਰਾਜ ਕਾਇਮ ਕਰਨਾ ਹੈ। ਮਾਨ ਨੇ ਕਿਹਾ ਕਿ ਕੋਈ ਵੀ ਰਾਜ ਜਮਹੂਰੀਅਤ ਦੇ ਨਾਲ ਹੀ ਕਾਇਮ ਹੁੰਦਾ ਹੈ। ਉਨ੍ਹਾਂ ਨੇ ਐਮਪੀ ਫੰਡ ਵਿੱਚੋਂ ਸ਼ਹੀਦ ਸੇਵਾ ਸਿੰਘ ਦੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ।
ਅੰਮ੍ਰਿਤਪਾਲ ਦੇ ਸਾਥੀ ਨੂੰ ਦਿੱਤੀ ਨਸੀਹਤ: ਸਿਮਰਨਜੀਤ ਮਾਨ ਨੇ 'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਦੀ ਪੰਜਾਬ ਪੁਲਿਸ ਵੱਲੋਂ ਕੀਤੀ ਗ੍ਰਿਫ਼ਤਾਰੀ 'ਤੇ ਵੀ ਪ੍ਰਤੀਕਿਰਿਆ ਦਿੱਤੀ ਉਨ੍ਹਾਂ ਕਿਹਾ ਕਿ ਸਰਕਾਰ ਸਿੱਖਾਂ ਨੂੰ ਡਰਾਉਣਾ ਚਾਹੁੰਦੀ ਹੈ। ਪਰ, ਸਿੱਖ ਕਦੇ ਡਰਨਗੇ ਨਹੀਂ ਇਸ ਨਾਲ ਮਾਹੌਲ ਖ਼ਰਾਬ ਹੋਵੇਗਾ, ਜੋ ਕਿ ਚੰਗਾ ਨਹੀਂ ਹੋਵੇਗਾ। ਜਿੱਥੇ ਉਨ੍ਹਾਂ ਸਰਕਾਰ ਦੀ ਮਨਸਾ ਉਤੇ ਸਵਾਲ ਖੜੇ ਕੀਤੇ ਉੱਥੇ ਹੀ ਉਨ੍ਹਾਂ ਨੌਜਵਾਨਾਂ ਨੂੰ ਨਸੀਹਤ ਵੀ ਦਿੱਤੀ। ਮਾਨ ਨੇ ਕਿਹਾ ਸਿੱਖਾਂ ਨੂੰ ਹਵਾ ਵਿੱਚ ਗੋਲੀ ਨਹੀਂ ਚਲਾਉਣੀ ਚਾਹੀਦੀ ਸਿੱਖ ਹਮੇਸ਼ਾ ਨਿਸ਼ਾਨੇ 'ਤੇ ਹੀ ਗੋਲੀ ਚਲਾਉਂਦੇ ਹਨ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮੁੱਦਾ: ਇਸ ਦੇ ਨਾਲ ਹੀ, ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਕਰਵਾਉਣ ਦਾ ਮੁੱਦਾ ਵੀ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਾਰਲੀਮੈਂਟ ਚੋਣਾਂ ਪੰਜ ਸਾਲ ਬਾਅਦ ਹੁੰਦੀਆਂ ਹਨ, ਤਾਂ ਸਿੱਖਾ ਦੀ ਸੁਪਰੀਮ ਸੰਸਥਾ ਦੀਆਂ ਚੋਣਾਂ ਵੀ ਕੇਂਦਰ ਸਰਕਾਰ ਨੂੰ ਕਰਵਾਉਣੀਆਂ ਚਾਹੀਦੀਆਂ ਹਨ। ਪਰ, ਕੇਂਦਰ ਸਰਕਾਰ ਜਾਣ ਬੁੱਝ ਕੇ ਸਿੱਖ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਕਰਵਾ ਰਹੀ।
ਇਹ ਵੀ ਪੜ੍ਹੋ:- ਨਕਲੀ ਦਵਾਈਆਂ ਦੀ ਕਵਰੇਜ ਲਈ ਮੈਡੀਕਲ ਸਟੋਰ ਗਿਆ ਸੀ ਪੱਤਰਕਾਰ, ਸਟੋਰ ਦੇ ਕਰਿੰਦਿਆਂ ਨੇ ਫੜ੍ਹ ਲਿਆ, ਅੱਗੇ ਜੋ ਹੋਇਆ ਦੇਖ ਕੇ ਹੋ ਜਾਓਗੇ ਹੈਰਾਨ...