ਬਰਨਾਲਾ: ਭਾਰਤ ਨੂੰ ਆਜ਼ਾਦ ਕਰਵਾਉਣ ਲਈ ਅਨੇਕਾਂ ਸਿੱਖ ਸੂਰਵੀਰਾਂ, ਯੋਧਿਆਂ ਨੇ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ ਅਤੇ ਅਨੇਕਾਂ ਮੁਹਿੰਮਾਂ ਦੇਸ਼ ਦੀ ਆਜ਼ਾਦੀ ਲਈ ਖੜ੍ਹੀਆਂ ਹੋਈਆਂ। ਇਨ੍ਹਾਂ ਯੋਧਿਆਂ ਵਿੱਚੋਂ ਇੱਕ ਮਹਾਨ ਸੂਰਵੀਰ ਸੀ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ।
ਸ਼ਹੀਦ ਸਰਦਾਰ ਸੇਵਾ ਸਿੰਘ ਦਾ ਬਰਨਾਲਾ ਦੇ ਪਿੰਡ ਠੀਕਰੀਵਾਲਾ ਵਿਖੇ ਜਨਮ ਹੋਇਆ। ਉਹ ਦੇਸ਼ ਦੀ ਆਜ਼ਾਦੀ ਲਈ ਉੱਭਰ ਕੇ ਸਾਹਮਣੇ ਆਈ ਪਰਜਾ ਮੰਡਲ ਲਹਿਰ ਦੇ ਬਾਨੀ ਸੰਸਥਾਪਕ ਬਣੇ। ਸ਼ਹੀਦ ਸੇਵਾ ਸਿੰਘ ਨੇ ਦੇਸ਼ ਵਿੱਚ ਚੱਲ ਰਹੀ ਰਜਵਾੜਾ ਸ਼ਾਹੀ ਸਿਸਟਮ ਅਤੇ ਅੰਗਰੇਜ਼ ਹਕੂਮਤ ਦੀਆਂ ਲੋਕ ਮਾਰੂ ਨੀਤੀਆਂ ਦਾ ਅੱਗੇ ਹੋ ਕੇ ਵਿਰੋਧ ਕੀਤਾ। ਭਾਵੇਂ ਹਰ ਵਰ੍ਹੇ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦਾ ਸ਼ਹੀਦੀ ਸਮਾਗਮ ਪਿੰਡ ਵਿੱਚ ਕਰਵਾਇਆ ਜਾਂਦਾ ਹੈ ਅਤੇ ਵੱਡੇ-ਵੱਡੇ ਲੀਡਰ ਸਮਾਗਮ ਮੌਕੇ ਪਹੁੰਚ ਕੇ ਉਨ੍ਹਾਂ ਨੂੰ ਸਰਧਾਂਜਲੀ ਦਿੰਦੇ ਹਨ। ਪਰ ਸ਼ਹੀਦ ਸੇਵਾ ਸਿੰਘ ਦੇ ਜੱਦੀ ਘਰ ਨੂੰ ਸੰਭਾਲਣ ਲਈ ਕਿਸੇ ਵੀ ਸਰਕਾਰ ਨੇ ਪਹਿਲਕਦਮੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੇ ਇਤਿਹਾਸਕਾਰ ਡਾਕਟਰ ਗੁਰਤੇਜ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂ ਰਹੇ। ਸਿੰਘ ਸਭਾ ਲਹਿਰ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਵੀ ਸੇਵਾ ਸਿੰਘ ਨੇ ਅੱਗੇ ਹੋ ਕੇ ਸੰਘਰਸ਼ ਲੜਿਆ। ਪਰਜਾ ਮੰਡਲ ਲਹਿਰ ਵਿੱਚ ਵੀ ਉਨ੍ਹਾਂ ਅੱਗੇ ਹੋ ਕੇ ਰਜਵਾੜਾ ਸ਼ਾਹੀ ਸਿਸਟਮ ਅਤੇ ਅੰਗਰੇਜ਼ ਹਕੂਮਤ ਖ਼ਿਲਾਫ਼ ਮੋਰਚਾ ਖੋਲ੍ਹਿਆ। ਜਿਸ ਕਰਕੇ ਸਮੇਂ ਦੀ ਅੰਗਰੇਜ਼ ਹਕੂਮਤ ਨੇ ਉਨ੍ਹਾਂ ਨੂੰ ਅਨੇਕਾਂ ਵਾਰ ਜੇਲ੍ਹ ਵਿੱਚ ਡੱਕਿਆ। ਪਰ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੇ ਅੰਗਰੇਜ਼ ਹਕੂਮਤ ਦੀ ਇੱਕ ਨਾ ਮੰਨੀ।
ਉਨ੍ਹਾਂ ਕਿਹਾ ਕਿ ਅੰਗਰੇਜ਼ ਹਕੂਮਤ ਅਤੇ ਰਿਆਸਤੀ ਸਿਸਟਮ ਨੇ ਸ਼ਹੀਦ ਸੇਵਾ ਸਿੰਘ ਨੂੰ ਅਨੇਕਾਂ ਵਾਰ ਪਿੱਛੇ ਹਟਣ ਲਈ ਕਿਹਾ ਅਤੇ ਉਨ੍ਹਾਂ ਵੱਲੋਂ ਬੰਨ੍ਹੀ ਜਾਂਦੀ ਕਾਲੀ ਪੱਗ ਨੂੰ ਹਟਾਉਣ ਲਈ ਵੀ ਕਿਹਾ ਗਿਆ। ਪਰ ਉਨ੍ਹਾਂ ਨੇ ਸੰਘਰਸ਼ ਤੋਂ ਪੈਰ ਪਿੱਛੇ ਨਹੀਂ ਪੁੱਟਿਆ ਅਤੇ 19 ਤੇ 20 ਜਨਵਰੀ ਦੀ ਰਾਤ ਨੂੰ ਉਹ ਅੰਗਰੇਜ਼ ਅਤੇ ਰਿਆਸਤੀ ਸਿਸਟਮ ਖ਼ਿਲਾਫ਼ ਲੜਾਈ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ।
ਭਾਵੇਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਹੀਦ ਹੋਏ 86 ਸਾਲ ਬੀਤ ਗਏ ਹਨ, ਪਰ ਉਨ੍ਹਾਂ ਦਾ ਸਮੇਂ ਦੀਆਂ ਸਰਕਾਰਾਂ ਨੇ ਮਾਣ ਸਨਮਾਨ ਨਹੀਂ ਕੀਤਾ। ਦੇਸ਼ ਨੂੰ ਆਜ਼ਾਦ ਕਰ ਰਜਵਾੜਾ ਸ਼ਾਹੀ ਸਿਸਟਮ ਖਿਲਾਫ ਅੱਗੇ ਹੋ ਕੇ ਸੰਘਰਸ਼ ਲੜਨ ਵਾਲੇ ਅਜਿਹੇ ਮਹਾਨ ਸੂਰਬੀਰ ਯੋਧੇ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਸਮੇਂ ਦੀਆਂ ਸਰਕਾਰਾਂ ਨੂੰ ਅੱਗੇ ਆਉਣ ਦੀ ਲੋੜ ਹੈ।