ਬਰਨਾਲਾ: ਪਿੰਡ ਛੀਨੀਵਾਲ ਖ਼ੁਰਦ ਦੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਉੱਤੇ ਸਹਿਯੋਗੀ ਮਹਿਲਾ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗ਼ਲਤ ਵਿਵਹਾਰ ਅਤੇ ਅਸ਼ਲੀਲ ਹਰਕਤਾਂ ਕੀਤੇ ਜਾਣ ਦੇ ਦੋਸ਼ ਲਗੇ ਹਨ। ਇਸ ਦੇ ਚਲਦੇ ਪਿੰਡ ਵਾਸੀਆਂ ਅਤੇ ਮਹਿਲਾ ਅਧਿਆਪਕਾਂ ਨੇ ਮੁਲਜ਼ਮ ਨੂੰ ਸਕੂਲ ਤੋਂ ਹਟਾਏ ਜਾਣ ਨੂੰ ਲੈ ਕੇ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।
ਸਰਕਾਰੀ ਸਕੂਲ ਦੇ ਬਾਹਰ ਵਿਰੋਧ ਕਰ ਰਹੇ ਕੁੱਲ ਹਿੰਦ ਸਿੱਖਿਆ ਅਧਿਕਾਰ ਨੈਸ਼ਨਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਦੀਵਾਨਾ ਨੇ ਦੱਸਿਆ ਕਿ ਅਧਿਆਪਕ ਹਰਮੀਤ ਸਿੰਘ ਵਿਰੁੱਧ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਮੁਲਜ਼ਮ ਪਿਛਲੇ ਇੱਕ ਸਾਲ ਤੋਂ ਸਕੂਲ ਦੀ ਵਿਦਿਆਰਥਣਾਂ , ਮਹਿਲਾ ਅਧਿਆਪਕਾਂ ਨਾਲ ਗ਼ਲਤ ਹਰਕਤਾਂ ਅਤੇ ਉਨ੍ਹਾਂ ਨਾਲ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਹੈ। ਇਸ ਤੋਂ ਇਲਾਵਾ ਉਹ ਬੱਚਿਆਂ ਨੂੰ ਗੈਂਗਸਟਰ ਬਣਨ ਦੀਆਂ ਗੱਲਾਂ, ਜਾਤੀ ਸੂਚਕ ਸ਼ਬਦ ਵਰਤਣ ਅਤੇ ਅਪਰਾਧਕ ਘਟਨਾਵਾਂ ਲਈ ਪ੍ਰੇਰਤ ਕਰਦਾ ਹੈ।
ਸਕੂਲੀ ਬੱਚਿਆਂ ਵੱਲੋਂ ਅਤੇ ਪਰਿਵਾਰ ਵਾਲਿਆਂ ਵੱਲ ਕਈ ਵਾਰ ਸਕੂਲ ਇੰਚਾਰਜ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ, ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਅਧਿਆਪਕ ਦੀ ਹਰਕਤਾਂ ਤੋਂ ਦੁੱਖੀ ਹੋ ਕੇ ਬੱਚਿਆਂ ਦੇ ਮਾਪਿਆਂ,ਪੰਚਾਇਤਾਂ ਤੇ ਜਥੇਬੰਦੀਆਂ ਨੇ ਸਕੂਲ ਦੇ ਬਾਹਰ ਧਰਨਾ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਗਈ ਕਿ ਇਸ ਅਧਿਆਪਕ ਨੂੰ ਸਿੱਖਿਆ ਵਿਭਾਗ ਵੱਲੋਂ ਡਿਸਮਿਸ ਕੀਤਾ ਜਾਵੇ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਅਧਿਆਪਕਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਫੋਨ 'ਤੇ ਹੀ ਭਰੋਸਾ ਦਿੱਤਾ ਅਤੇ ਉਨ੍ਹਾਂ ਇੱਥੇ ਆਉਣ ਦੀ ਲੋੜ ਵੀ ਨਹੀਂ ਸਮਝੀ।
ਹੋਰ ਪੜ੍ਹੋ: ਹਰਿਆਣਾ ਦੀ ਤਰਜ 'ਤੇ ਹੁਣ ਪੰਜਾਬ ਨੂੰ ਹਰ ਸਾਲ ਕਰੋੜਾਂ ਦਾ ਹੋਵੇਗਾ ਲਾਭ: ਵਿੱਤ ਮੰਤਰੀ
ਇਸ ਬਾਰੇ ਜਦ ਸਕੂਲ ਦੇ ਪ੍ਰਿੰਸੀਪਲ ਸੁਨੀਲ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਨੂੰ ਮੰਦਭਾਗੀ ਘਟਨਾ ਦੱਸਦੇ ਹੋਏ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਆਖੀ। ਉਨ੍ਹਾਂ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ। ਦੂਜੇ ਪਾਸੇ ਮੁਲਜ਼ਮ ਅਧਿਆਪਕ ਖ਼ੁਦ 'ਤੇ ਲਗੇ ਸਾਰੇ ਦੋਸ਼ਾਂ ਨੂੰ ਝੂਠਾ ਦੱਸ ਰਿਹਾ ਹੈ।