ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਨੇ ਸ਼ਨੀਵਾਰ 8 ਮਈ ਨੂੰ ਲੌਕਡਾਊਨ ਵਿਰੋਧੀ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੋਇਆ ਹੈ। ਅੱਜ ਧਰਨੇ ਵਿੱਚ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਮੁੱਦਾ ਭਾਰੂ ਰਿਹਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਲਗਾਤਾਰ ਇੱਕ ਸਾਲ ਤੋਂ ਕਰੋਨਾ ਬਿਮਾਰੀ ਦੀ ਲਾਗ ਦੇ ਕੇਸ ਸਾਹਮਣੇ ਆ ਰਹੇ ਹਨ ਪਰ ਸਰਕਾਰਾਂ ਨੇ ਇਸ ਦੌਰਾਨ ਸਿਹਤ ਸਹੂਲਤਾਂ ਵਿੱਚ ਕੋਈ ਸੁਧਾਰ ਨਹੀਂ ਕੀਤਾ। ਇਸ ਲਾਗ ਨੂੰ ਕੰਟਰੋਲ ਕਰਨ ਲਈ ਲੌਕਡਾਊਨ ਵਾਲੇ ਇੱਕੋ ਇੱਕ ਤਰੀਕੇ ਦਾ ਸਹਾਰਾ ਲਿਆ ਜਾ ਰਿਹਾ ਹੈ। ਜਦੋਂਕਿ ਪਿਛਲੇ ਸਾਲ ਅਸੀਂ ਲੌਕਡਾਊਨ ਵਾਲੇ ਇਸ ਤਰੀਕੇ ਦੇ ਤਰਾਸਦਿਕ ਸਿੱਟੇ ਆਪਣੇ ਅੱਖੀਂ ਦੇਖ ਚੁੱਕੇ ਹਾਂ।
ਲੌਕਡਾਊਨ ਲਾ ਕੇ ਆਮ ਲੋਕਾਂ ਸਾਹਮਣੇ ਕਰੋਨਾ ਨਾਲ ਹੋਣ ਵਾਲੀ ਸੰਭਾਵੀ ਮੌਤ ਦੇ ਮੁਕਾਬਲੇ ਭੁੱਖ ਨਾਲ ਹੋਣ ਵਾਲੀ ਯਕੀਨੀ ਮੌਤ ਦਾ ਬਦਲ ਪਰੋਸ ਦਿੱਤਾ ਜਾਂਦਾ ਹੈ। ਤਾਲਾਬੰਦੀ ਕਰਕੇ ਲੋਕਾਂ ਕੋਲੋਂ ਸਿਰਫ ਉਨ੍ਹਾਂ ਦੀ ਰੋਜ਼ੀ-ਰੋਟੀ ਹੀ ਨਹੀਂ ਖੋਹੀ ਜਾ ਰਹੀ ਸਗੋਂ, ਆਰਥਿਕ ਤੌਰ 'ਤੇ ਕਮਜ਼ੋਰ ਕਰਕੇ, ਉਨ੍ਹਾਂ ਨੂੰ ਸਿਹਤ ਤੇ ਸਿੱਖਿਆ ਜਿਹੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਇਸ ਲਈ 8 ਮਈ ਨੂੰ ਲੌਕਡਾਊਨ ਦਾ ਵਿਰੋਧ ਕਰਨ ਲਈ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਪੁਲਿਸ ਵੱਲੋਂ ਜਬਰੀ ਦੁਕਾਨਾਂ ਤੇ ਕਾਰੋਬਾਰਬੰਦ ਕਰਵਾਉਣ ਦੇ ਐਕਸ਼ਨ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ 8 ਮਈ ਨੂੰ ਬੇਫਿਕਰ ਹੋ ਕੇ ਆਪਣੇ ਕੰਮ ਧੰਦੇ ਸ਼ੁਰੂ ਕਰਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਰੋਸ ਪ੍ਰਦਰਸ਼ਨਾਂ 'ਚ ਵਧ ਚੜ੍ਹ ਕੇ ਹਿੱਸਾ ਲੈਣ।