ਬਰਨਾਲਾ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ 23 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। ਜਿਸਦੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਚੋਣ ਵਿੱਚ ਬਰਨਾਲਾ ਜ਼ਿਲ੍ਹੇ ਦੇ 558 ਪੋਲਿੰਗ ਸਟੇਸ਼ਨਾਂ 'ਤੇ 502127 ਵੋਟਰ ਆਪਣੀ ਵੋਟ ਪਾ ਸਕਣਗੇ। ਅੱਜ ਪੋਲਿੰਗ ਸਟੇਸ਼ਨਾਂ 'ਤੇ ਈ.ਵੀ.ਐਮ ਮਸ਼ੀਨਾਂ ਅਤੇ ਹੋਰ ਚੋਣ ਸਮੱਗਰੀ ਦੇ ਕੇ ਪੋਲਿੰਗ ਟੀਮਾਂ ਨੂੰ ਰਵਾਨਾ ਕੀਤਾ ਗਿਆ।
ਇਸ ਸਬੰਧੀ ਐਸਡੀਐਮ ਬਰਨਾਲਾ ਗੋਪਾਲ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਈ.ਵੀ.ਐਮ ਮਸ਼ੀਨ, ਚੋਣ ਸਮੱਗਰੀ ਆਦਿ ਦੇ ਕੇ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਭੇਜ ਦਿੱਤਾ ਗਿਆ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਚੋਣ ਹੋਣ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਚੋਣ ਨੂੰ ਪੂਰਨ ਨਿਰਪੱਖ ਤਰੀਕੇ ਨਾਲ ਨੇਪਰੇ ਚਾੜਿਆ ਜਾਵੇਗਾ। ਹਲਕਾ 103 ਬਰਨਾਲਾ ਦੇ ਪੋਲਿੰਗ ਸਟੇਸ਼ਨਾਂ ਲਈ ਸਹਾਇਕ ਰਿਟਰਨਿੰਗ ਅਫਸਰ ਗੋਪਾਲ ਸਿੰਘ ਦੀ ਅਗਵਾਈ ’ਚ ਪੋਲਿੰਗ ਪਾਰਟੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਤੋਂ ਰਵਾਨਾ ਹੋਈਆਂ ਹਨ।
ਹਲਕਾ 102 ਭਦੌੜ ਲਈ ਸਹਾਇਕ ਰਿਟਰਨਿੰਗ ਅਫਸਰ ਸੋਨਮ ਚੌਧਰੀ ਦੀ ਅਗਵਾਈ ’ਚ ਤਹਿਸੀਲ ਕੰਪਲੈਕਸ ਤਪਾ ਤੋਂ ਟੀਮਾਂ ਰਵਾਨਾ ਹੋਈਆਂ ਹਨ। ਹਲਕਾ 104 ਮਹਿਲ ਕਲਾਂ ਲਈ ਪੋਲਿੰਗ ਪਾਰਟੀਆਂ ਸਹਾਇਕ ਰਿਟਰਨਿੰਗ ਅਫਸਰ ਅਮਿਤ ਬੈਂਬੀ ਦੀ ਅਗਵਾਈ ’ਚ ਡਾ. ਰਘੁਬੀਰ ਪ੍ਰਕਾਸ਼ ਐਸਡੀ ਸੀਨੀਅਰ ਸੈਕੰਡਰੀ ਸਕੂਲ ਤੋਂ ਰਵਾਨਾ ਹੋਈਆਂ ਹਨ।
ਡਰਾਈ ਡੇਅ ਐਲਾਨਿਆ: ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਹਰੀਸ਼ ਨਈਅਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਮਿਤੀ 21 ਜੂਨ ਨੂੰ ਸ਼ਾਮ 6 ਵਜੇ ਤੋਂ 23 ਜੂਨ ਨੂੰ ਚੋਣਾਂ ਮੁਕੰਮਲ ਹੋਣ ਤੱਕ ਅਤੇ ਚੋਣਾਂ ਦੀ ਗਿਣਤੀ ਵਾਲੇ ਦਿਨ ਮਿਤੀ 26 ਜੂਨ ਨੂੰ ਡਰਾਈ ਡੇਅ ਐਲਾਨਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਪ੍ਰਕਾਰ ਦੇ ਨਸ਼ੀਲੇ ਪਦਾਰਥ ਵੇਚਣ, ਸ਼ਰਾਬ ਸਟੋਰ ਕਰਨ ਤੇ ਵੇਚਣ ’ਤੇ ਪੂਰਨ ਤੌਰ ’ਤੇ ਰੋਕ ਲਗਾਈ ਗਈ ਹੈ। ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਤੇ ਸ਼ਰਾਬ ਦੇ ਅਹਾਤਿਆਂ ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜ਼ਤ ਹੈ ’ਤੇ ਵੀ ਪੂਰਨ ਤੌਰ ’ਤੇ ਲਾਗੂ ਹੋਣਗੇ।
ਇਹ ਵੀ ਪੜ੍ਹੋ: Moose Wala Murder Case: ਸ਼ਾਰਪਸ਼ੂਟਰ ਕਰ ਸਕਦੇ ਨੇ ਵੱਡਾ ਖੁਲਾਸਾ, ਪੁਲਿਸ ਵੱਲੋ ਗੋਲਡੀ ਬਰਾੜ ਤੱਕ ਪਹੁੰਚ ਦੀ ਕੋਸ਼ਿਸ ਜਾਰੀ...