ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਸਰਗਰਮੀਆਂ ਤੇਜ਼ ਹਨ। ਇਸੇ ਸਿਲਸਿਲੇ ਤਹਿਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਬਰਨਾਲਾ ਵਿੱਚ ਰੋਡ ਸ਼ੋਅ ਕੱਢਿਆ ਜਾਣਾ ਹੈ ਪਰ ਬਰਨਾਲਾ ਵਿੱਚ ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਹੀ ਬਰਨਾਲਾ ਦੇ ਬਾਜ਼ਾਰ ਵਿੱਚ ਵੱਡੀ ਘਟਨਾ ਦੇਖਣ ਨੂੰ ਮਿਲੀ।
ਅਰਵਿੰਦ ਕੇਜਰੀਵਾਲ ਦੇ ਸਵਾਗਤ ਲਈ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਤਸਵੀਰ ਵਾਲੇ ਵੱਡੇ ਫ਼ਲੈਕਸ ਅਤੇ ਪੋਸਟਰ ਬਰਨਾਲਾ ਦੇ ਬਾਜ਼ਾਰਾਂ ਵਿੱਚ ਲਗਾਏ ਗਏ ਸਨ ਜਿਸਦੀ ਵਿਰੋਧੀ ਧਿਰਾਂ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਹੋ ਗਈ ਅਤੇ ਚੋਣ ਕਮਿਸ਼ਨ ਨੇ ਤੁਰੰਤ ਇਸ ਸਬੰਧੀ ਐਕਸ਼ਨ ਲਿਆ ।
ਚੋਣ ਕਮਿਸ਼ਨ ਦੇ ਅਮਲੇ ਵੱਲੋਂ ਬਰਨਾਲਾ ਦੇ ਸਰਕਾਰੀ ਸੰਪਤੀ ਅਤੇ ਸਰਕਾਰੀ ਪੋਲਾਂ ’ਤੇ ਲਗਾਏ ਆਮ ਆਦਮੀ ਪਾਰਟੀ ਦੇ ਬੈਨਰ ਅਤੇ ਪੋਸਟਰ ਪਾੜ ਦਿੱਤੇ ਗਏ। ਚੋਣ ਕਮਿਸ਼ਨ ਦੇ ਅਮਲੇ ਵਲੋਂ ਅੰਜ਼ਾਮ ਦਿੱਤੀ ਗਈ ਇਸ ਕਾਰਵਾਈ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿੱਚ ਚੋਣ ਕਮਿਸ਼ਨ ਨਾਲ ਸਬੰਧਤ ਮੁਲਾਜ਼ਮ ਇਹਨਾਂ ਬੈਨਰਾਂ ਨੂੰ ਪਾੜ ਰਹੇ ਹਨ।
ਜਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ ਨੇੜੇ ਨਹਿਰੂ ਚੌਂਕ ਤੋਂ ਲੈ ਕੇ ਸਦਰ ਬਾਜ਼ਾਰ ਵਿੱਚ ਆਪ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਰੋਡ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਣਾ ਹੈ। ਜਿਸ ਕਰਕੇ ਸਦਰ ਬਾਜ਼ਾਰ ਨੂੰ ਬਰਨਾਲਾ ਦੇ ਲੋਕਲ ਆਪ ਪਾਰਟੀ ਵਲੋਂ ਬੈਨਰਾਂ, ਪੋਸਟਰਾਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ।
ਸੰਗਰੂਰ ਸੀਟ ਬਣੀ ਆਪ ਦੀ ਮੁੱਛ ਦਾ ਸਵਾਲ: ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੀ ਮੁੱਛ ਦਾ ਸਵਾਲ ਬਣੀ ਹੋਈ ਹੈ। ਇਸ ਸੀਟ ਤੋਂ ਦੋ ਵਾਰ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਦੀ ਚੋਣ ਜਿੱਤ ਚੁੱਕੇ ਹਨ। ਉਥੇ ਇਸ ਸੀਟ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਤੇ ਆਪ ਦੇ ਉਮੀਦਵਾਰ ਪਿਛਲੀ ਵਿਧਾਨ ਸਭਾ ਦੀ ਚੋਣ ਜਿੱਤੇ ਹਨ। ਇਸ ਸੀਟ ਅਧੀਨ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਦੋ ਵੱਡੇ ਮੰਤਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਆਉਂਦੇ ਹਨ ਜਿਸ ਕਰਕੇ ਪੰਜਾਬ ਵਿੱਚ ਸੱਤਾਧਿਰ ਹੋਣ ਕਰਕੇ ਆਪ ਲਈ ਇਹ ਸੀਟ ਜਿੱਤਣੀ ਵਕਾਰ ਦਾ ਸਵਾਲ ਬਣੀ ਹੋਈ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ: ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲੇ 2 ਸ਼ੂਟਰ ਗ੍ਰਿਫ਼ਤਾਰ